ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ 5 ਜੂਨ ਤੋਂ ਲੱਗੇਗਾ ਪੰਜ ਰੋਜ਼ਾ ਧਾਰਮਿਕ ਗੁਰਮਤਿ ਕੈਂਪ
ਮੋਰਿੰਡਾ 4, ਜੂਨ (ਮਜ਼ੀਦ ਖਾਨ)- ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਗੁਰਮਤਿ ਦੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਗੁਰਦੁਆਰਾ ਕੋਤਵਾਲੀ ਸਾਹਿਬ, ਮੋਰਿੰਡਾ ਵਿਖੇ 5 ਜੂਨ ਤੋਂ 9 ਜੂਨ ਤੱਕ ਧਾਰਮਿਕ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ, ਇਸ ਦੌਰਾਨ 30 ਮਿੰਟ ਦਾ ਰਿਫਰੈਸ਼ਮੈਂਟ ਬ੍ਰੇਕ ਵੀ ਰੱਖਿਆ ਗਿਆ ਹੈ। ਕੈਂਪ ਦੌਰਾਨ ਬੱਚਿਆਂ ਨੂੰ ਰੋਜ਼ਾਨਾ ਸਿਮਰਨ ਸਾਧਨਾ, ਸਿੱਖ ਇਤਿਹਾਸ ਦੀ ਜਾਣਕਾਰੀ, ਇੱਕ ਮਿੰਟ ਵਾਲੀਆਂ ਮਨੋਰੰਜਕ ਖੇਡਾਂ, ਗੁਰਬਾਣੀ ਕੰਠ, ਜਪੁਜੀ ਸਾਹਿਬ ਦਾ ਸ਼ੁੱਧ ਉਚਾਰਨ, ਗੁਰਮੁਖੀ ਪੜ੍ਹਨਾ-ਲਿਖਣਾ ਅਤੇ ਆਰਟ ਐਂਡ ਕਰਾਫਟ ਵਰਗੀਆਂ ਗਤੀਵਿਧੀਆਂ ਰਾਹੀਂ ਗੁਰਮਤਿ ਦੀ ਮੁੱਢਲੀ ਸਿੱਖਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖੇਡ-ਖੇਡ ਵਿੱਚ ਬੱਚਿਆਂ ਨੂੰ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਜਾਣੂ ਕਰਵਾਇਆ ਜਾਵੇਗਾ। ਆਯੋਜਕਾਂ ਅਨੁਸਾਰ ਕੈਂਪ ਵਿੱਚ ਗਰੁੱਪ ‘ਏ’ ਅਧੀਨ 5 ਤੋਂ 10 ਸਾਲ ਅਤੇ ਗਰੁੱਪ ‘ਬੀ’ ਅਧੀਨ 11 ਤੋਂ 14 ਸਾਲ ਤੱਕ ਦੇ ਬੱਚੇ ਭਾਗ ਲੈ ਸਕਣਗੇ। ਕੈਂਪ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਅੱਜ ਸੀ ਅਤੇ ਇਸ ਤਹਿਤ ਕਰੀਬ 100 ਬੱਚਿਆਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਅਮਨਪ੍ਰੀਤ ਕੌਰ, ਭਾਈ ਮਹਿੰਦਰਪਾਲ ਸਿੰਘ ਸੋਢੀ ਅਤੇ ਦਵਿੰਦਰ ਸਿੰਘ (ਮੈਨੇਜਰ) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਯੋਜਕਾਂ ਨੇ ਵੱਧ ਤੋਂ ਵੱਧ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਣ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਸਿੱਖੀ ਦੇ ਮੁੱਲਾਂ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਆਪਣੇ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨਾਲ ਹੋਰ ਗਹਿਰਾਈ ਨਾਲ ਜੁੜ ਸਕਣ।
