ਪਤੰਜਲੀ ਯੋਗ ਸਮਿਤੀ ਵੱਲੋਂ ਈਕੋ ਸਿਟੀ ਵਿਖੇ ਨਵੀਆਂ ਯੋਗ ਕਲਾਸਾਂ ਸ਼ੁਰੂ

ਮਾਜਰੀ, (ਰਾਜਾ ਸਿੰਘ ਭੰਗੂ )- ਸਿਹਤ, ਸਾਧਨਾ ਅਤੇ ਸੰਸਕਾਰ ਵੱਲ ਇੱਕ ਅਰਥਪੂਰਨ ਪਹਲ ਕਰਦਿਆਂ ਪਤੰਜਲੀ ਯੋਗ ਸਮਿਤੀ ਵੱਲੋਂ ਈਕੋ ਸਿਟੀ–1 ਦੇ ਬਲਾਕ ਏ, ਸੈਕਟਰ 6 ਸਥਿਤ ਪਾਰਕ (ਮਕਾਨ ਨੰਬਰ 546 ਤੋਂ 586 ਸਾਹਮਣੇ) ਵਿੱਚ ਨਵੀਂ ਯੋਗ ਕਲਾਸ ਦਾ ਆਰੰਭ ਬਹੁਤ ਹੀ ਗੰਭੀਰ ਅਤੇ ਆਧਿਆਤਮਿਕ ਮਾਹੌਲ ਵਿੱਚ ਕੀਤਾ ਗਿਆ। ਰੋਜ਼ਾਨਾ ਸ਼ਾਮ 6 ਵਜੇ ਤੋਂ 7 ਵਜੇ ਤੱਕ ਚੱਲਣ ਵਾਲੀ ਇਸ ਯੋਗ ਕਲਾਸ ਦਾ ਉਦੇਸ਼ ਇਲਾਕੇ ਵਿੱਚ ਸਿਹਤ ਜਾਗਰੂਕਤਾ, ਮਾਨਸਿਕ ਸੰਤੁਲਨ ਅਤੇ ਯੋਗ ਸਾਧਨਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਯੋਗ ਕਲਾਸ ਸਵਾਮੀ ਰਾਮਦੇਵ ਦੇ ਮਾਰਗਦਰਸ਼ਨ ਹੇਠ ਚੱਲ ਰਹੇ ਪਤੰਜਲੀ ਯੋਗ ਪੀਠ ਦੀ ਇਕਾਈ ਪਤੰਜਲੀ ਯੋਗ ਸਮਿਤੀ ਦੇ ਤਹਿਤ ਸ਼ੁਰੂ ਕੀਤੀ ਗਈ। ਇਸ ਮੌਕੇ ਉਦਘਾਟਨ ਸਮਾਗਮ ਜ਼ਿਲ੍ਹਾ ਪ੍ਰਭਾਰੀ ਅਤੇ ਮੁੱਖ ਯੋਗ ਸੇਵਕ ਸ੍ਰੀ ਰਮੇਸ਼ ਚੰਦਰ ਸ਼ਾਰਦਾ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਯੋਗ ਦੇ ਅਸਲ ਸਰੂਪ, ਆਧੁਨਿਕ ਜੀਵਨ ਵਿੱਚ ਇਸ ਦੀ ਲੋੜ ਅਤੇ ਯੋਗ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਸੰਕਲਪ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਸਮਾਗਮ ਵਿੱਚ ਲਕਸ਼ਮੀ ਕਾਂਤ ਵਾਲੀਆ ਅਤੇ ਉਨ੍ਹਾਂ ਦੀ ਧਰਮਪਤਨੀ ਭੈਣ ਦਰਸ਼ਨਾ ਵਾਲੀਆ ਦੀ ਭੂਮਿਕਾ ਵਿਸ਼ੇਸ਼ ਤੌਰ ‘ਤੇ ਸ਼ਲਾਘਾਯੋਗ ਰਹੀ, ਦੋਵਾਂ ਨੇ ਨਾਂ ਸਿਰਫ ਇਸ ਪਵਿੱਤਰ ਕਾਰਜ ਲਈ ਸਥਾਨ ਉਪਲਬਧ ਕਰਵਾਇਆ, ਸਗੋਂ ਸਹਿਯੋਗੀ ਅਧਿਆਪਕ ਵਜੋਂ ਯੋਗ ਕਲਾਸ ਦੇ ਸੰਚਾਲਨ ਦੀ ਜ਼ਿੰਮੇਵਾਰੀ ਵੀ ਨਿਭਾਈ। ਉਨ੍ਹਾਂ ਦੀ ਸਮਰਪਣ ਭਾਵਨਾ ਅਤੇ ਸੇਵਾ ਨੂੰ ਹਾਜ਼ਰ ਯੋਗ ਸਾਧਕਾਂ ਵੱਲੋਂ ਖੂਬ ਸਰਾਹਿਆ ਗਿਆ।ਇਸ ਮੌਕੇ ਉਦਘਾਟਨ ਸਮਾਗਮ ਵਿੱਚ ਲਕਸ਼ਮੀ ਕਾਂਤ ਵਾਲੀਆ, ਦਰਸ਼ਨਾ ਵਾਲੀਆ, ਸੁਨੀਤਾ, ਸੁਦੇਸ਼, ਪੁਸ਼ਪਾ ਪਾਲ, ਅਕਸ਼ੈ ਯਾਦਵ, ਪ੍ਰਦੀਪ ਕੁਮਾਰ, ਸੁਮਨ, ਵੀਣਾ, ਜੋਤੀ, ਵੰਦਨਾ, ਰੁਦ੍ਰਾਂਸ਼, ਯੁਵਿਕਾ, ਮੀਨਾ, ਅਨਿਲ ਅਤੇ ਬਲਜੀਤ ਸਮੇਤ ਕਈ ਯੋਗ ਸਾਧਕ ਹਾਜ਼ਰ ਰਹੇ। ਇਸ ਮੌਕੇ ਸਾਰੇ ਹਾਜ਼ਰ ਲੋਕਾਂ ਨੇ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਅਤੇ ਸਮਾਜ ਵਿੱਚ ਇਸ ਦੇ ਵਿਆਪਕ ਪ੍ਰਚਾਰ ਦਾ ਸੰਕਲਪ ਲਿਆ। ਕਾਰਜਕ੍ਰਮ ਦਾ ਸਮਾਪਨ ਸੂਖਮ ਹਵਨ ਅਤੇ ਪੂਰਨ ਆਹੁਤੀ ਨਾਲ ਹੋਇਆ, ਜਿਸ ਨਾਲ ਪੂਰੇ ਮਾਹੌਲ ਵਿੱਚ ਸਕਾਰਾਤਮਕ ਊਰਜਾ ਅਤੇ ਆਧਿਆਤਮਿਕ ਪਵਿੱਤਰਤਾ ਦਾ ਸੰਚਾਰ ਹੋਇਆ।ਇਸ ਯੋਗ ਕਲਾਸ ਦਾ ਸੰਚਾਲਨ ਲਕਸ਼ਮੀ ਕਾਂਤ ਵਾਲੀਆ ਵੱਲੋਂ ਕੀਤਾ ਗਿਆ ਅਤੇ ਸਾਰੇ ਹਾਜ਼ਰ ਲੋਕਾਂ ਨੂੰ ਮਿਠਾਈ ਵੰਡ ਕੇ ਧੰਨਵਾਦ ਪ੍ਰਗਟ ਕੀਤਾ ਗਿਆ। ਖੁਸ਼ੀ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ ਇਹ ਉਦਘਾਟਨ ਸਮਾਗਮ ਇਲਾਕੇ ਵਿੱਚ ਯੋਗ ਅਤੇ ਸਿਹਤ ਜਾਗਰੂਕਤਾ ਲਈ ਇੱਕ ਨਵੀਂ ਪ੍ਰੇਰਣਾ ਬਣ ਕੇ ਸਾਹਮਣੇ ਆਇਆ। ਇਸ ਮੌਕੇ ਆਯੋਜਕਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਯੋਗ ਕਲਾਸ ਭਵਿੱਖ ਵਿੱਚ ਇੱਕ ਮਜ਼ਬੂਤ ਸਾਧਨਾ ਕੇਂਦਰ ਵਜੋਂ ਵਿਕਸਿਤ ਹੋ ਕੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤਮੰਦ, ਸੰਤੁਲਿਤ ਅਤੇ ਅਨੁਸ਼ਾਸਿਤ ਜੀਵਨ ਜੀਣ ਲਈ ਪ੍ਰੇਰਿਤ ਕਰੇਗੀ।
