ਜੋਤਿਸ਼ ਦੇ ਨਾਮ ‘ਤੇ ਠੱਗੀ ਕਰਨ ਵਾਲਾ ਪੰਡਿਤ ਗ੍ਰਿਫਤਾਰ, 7 ਲੱਖ ਦਾ ਸੋਨਾ ਬਰਾਮਦ

0

ਭੀਖੀ, 24 ਅਪ੍ਰੈਲ (ਬਹਾਦਰ ਖ਼ਾਨ):

ਉੱਪ ਕਪਤਾਨ ਪੁਲਿਸ (ਸ:ਡ:) ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਗੌਰਵ ਯਾਦਵ ਡੀ.ਜੀ.ਪੀ ਪੰਜਾਬ, ਹਰਜੀਤ ਸਿੰਘ ਡੀ.ਆਈ.ਜੀ ਬਠਿੰਡਾ ਰੇਂਜ ਅਤੇ ਭਾਗੀਰਥ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਪਰਾਧੀਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕਾਰਵਾਈ ਵਿੱਚ ਥਾਣਾ ਭੀਖੀ ਦੇ ਮੁਖੀ ਗੁਰਮੇਲ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮਿਤੀ 2 ਅਪ੍ਰੈਲ 2026 ਨੂੰ ਪਿੰਡ ਹੋਡਲਾ ਕਲਾ ਦੇ ਰਹਿਣ ਵਾਲੇ ਸਗਨਪਾਲ ਸਿੰਘ ਨੇ ਥਾਣਾ ਭੀਖੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਜੋਤਸੀ ਪੰਡਿਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਡਰਾਉਣੀਆਂ ਗੱਲਾਂ ਕਰਕੇ ਠੱਗੀ ਦਾ ਸ਼ਿਕਾਰ ਬਣਾਇਆ। ਸ਼ਿਕਾਇਤ ਅਨੁਸਾਰ ਪੰਡਿਤ ਨੇ ਘਰ ਵਿੱਚ “ਕਰੋਪੀ” ਹੋਣ ਦਾ ਡਰ ਦਿਖਾ ਕੇ ਹਵਨ ਅਤੇ ਉਪਾਅ ਦੇ ਨਾਂ ‘ਤੇ 11 ਹਜ਼ਾਰ ਰੁਪਏ ਨਕਦ ਅਤੇ ਕਰੀਬ 11.5 ਤੋਲੇ ਸੋਨਾ ਲੈ ਲਿਆ।

ਪੰਡਿਤ ਨੇ ਸਾਰਾ ਸਮਾਨ ਇੱਕ ਚਿੱਟੇ ਰੁਮਾਲ ਵਿੱਚ ਬੰਨ ਕੇ ਪਰਿਵਾਰ ਨੂੰ ਪੰਜ ਦਿਨ ਤੱਕ ਨਾ ਖੋਲ੍ਹਣ ਲਈ ਕਿਹਾ। ਜਦੋਂ ਪਰਿਵਾਰ ਨੇ ਪੰਜ ਦਿਨ ਬਾਅਦ ਰੁਮਾਲ ਖੋਲ੍ਹਿਆ ਤਾਂ ਸੋਨਾ ਗਾਇਬ ਸੀ ਅਤੇ ਪੰਡਿਤ ਦਾ ਫੋਨ ਵੀ ਬੰਦ ਆ ਰਿਹਾ ਸੀ।

ਇਸ ਸਬੰਧੀ ਥਾਣਾ ਭੀਖੀ ਵਿੱਚ ਧਾਰਾ 305  ਬੀ.ਐਨ.ਐੱਸ ਅਧੀਨ ਕੇਸ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਪੁਲਿਸ ਨੇ ਦੋਸ਼ੀ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਸੂਰਜਾ ਰਾਮ ਵਾਸੀ ਜ਼ਿਲ੍ਹਾ ਸੀਕਰ (ਰਾਜਸਥਾਨ) ਵਜੋਂ ਕੀਤੀ। ਪੁਲਿਸ ਟੀਮ ਨੇ 21 ਅਪ੍ਰੈਲ 2026 ਨੂੰ ਰਾਜਸਥਾਨ ਵਿੱਚ ਰੇਡ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਦੋਸ਼ੀ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ, ਜਿਸ ਦੌਰਾਨ 4.25 ਤੋਲੇ ਸੋਨਾ (ਲਗਭਗ 7 ਲੱਖ ਰੁਪਏ ਮੁੱਲ) ਬਰਾਮਦ ਕੀਤਾ ਗਿਆ ਹੈ। ਮਾਮਲੇ ਸਬੰਧੀ ਅਗਲੀ ਕਾਰਵਾਈ ਜਾਰੀ ਹੈ।

ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

Leave a Reply

Your email address will not be published. Required fields are marked *