ਐਨ.ਡੀ.ਆਰ.ਐਫ ਤੇ ਪੰਜਾਬ ਹੋਮ ਗਾਰਡਜ਼ ਨੇ ਸਕੂਲੀ ਵਿਦਿਆਰਥੀਆਂ ਨੂੰ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ

0
Oplus_16908288

ਭੀਖੀ/ਮਾਨਸਾ, 13 ਮਈ(ਬਹਾਦਰ ਖ਼ਾਨ) :ਦੇਸ਼ ਭਰ ਵਿੱਚ ਆਫ਼ਤ ਪ੍ਰਬੰਧਨ ਪ੍ਰਤੀ ਜਾਗਰੂਕਤਾ ਵਧਾਉਣ ਦੇ ਯਤਨਾਂ ਵਜੋਂ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ) ਅਤੇ ਪੰਜਾਬ ਹੋਮ ਗਾਰਡਜ਼ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਫ਼ਤਾਂ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸੇ ਉਦੇਸ਼ ਤਹਿਤ, ਜ਼ਿਲ੍ਹਾ ਮਾਨਸਾ ਵਿਖੇ ਭੀਖੀ ਦੇ ਇਕ ਸਕੂਲ ਵਿਖੇ ਐਨ.ਡੀ.ਆਰ.ਐਫ ਬਠਿੰਡਾ ਦੀ ਟੀਮ ਨੇ ਪੰਜਾਬ ਹੋਮ ਗਾਰਡਜ਼ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ।ਸਕੂਲ ਸੁਰੱਖਿਆ ਪ੍ਰੋਗਰਾਮ ਤਹਿਤ, ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਜਾਨ-ਮਾਲ ਦੀ ਰਾਖੀ ਕਰਨ ਦੇ ਯੋਗ ਬਣਾਉਣ ਲਈ ਪ੍ਰਯੋਗੀ ਜਾਣਕਾਰੀ ਦਿੱਤੀ ਗਈ। ਟੀਮ ਨੇ ਵਿਦਿਆਰਥੀਆਂ ਨੂੰ ਜਾਨ ਬਚਾਉਣ ਦੀਆਂ ਤਕਨੀਕਾਂ ਜਿਵੇਂ ਕਿ ਸੀ.ਪੀ.ਆਰ, ਭੂਚਾਲ ਤੋਂ ਬਚਾਅ, ਹੜ੍ਹ ਦੀ ਸਥਿਤੀ ਨਾਲ ਨਜਿੱਠਣਾ, ਅੱਗ ਲੱਗਣ ਦੀ ਸੂਰਤ ਵਿੱਚ ਅੱਗ ਬੁਝਾਉਣ ਵਰਗੀਆਂ ਗਤੀਵਿਧੀਆਂ, ਐਮਰਜੈਂਸੀ ਵਿੱਚ ਜ਼ਖਮੀ ਵਿਅਕਤੀ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਅਤੇ ਮੁੱਢਲੀ ਸਹਾਇਤਾ ਬਾਰੇ ਵਿਸਥਾਰਪੂਰਵਕ ਦੱਸਿਆ। ਇਸੇ ਲੜੀ ਤਹਿਤ ਐਨ.ਡੀ.ਆਰ.ਐਫ ਤੋਂ ਇੰਸਪੈਕਟਰ ਸੰਦੀਪ ਸਿੰਘ ਦੀ ਅਗਵਾਈ ਹੇਠ ਟੀਮ ਅਤੇ ਪੰਜਾਬ ਹੋਮ ਗਾਰਡਜ਼ ਤੋਂ ਇੰਸਪੈਕਟਰ ਗੁਰਸੇਵਕ ਸਿੰਘ, ਹੈਡ ਕਾਂਸਟੇਬਲ ਜਸਪਾਲ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਪਿੰਡ ਬੋੜਾਵਾਲ ਵਿਖੇ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਕਿਸ਼ਤੀ ਚਲਾਉਣ ਸਬੰਧੀ ਮੁੱਢਲੀ ਸਿਖਲਾਈ ਦਿੱਤੀ। ਇਸ ਦੌਰਾਨ ਟੀਮ ਦੇ ਮੈਂਬਰਾਂ ਨੇ ਪ੍ਰੈਕਟੀਕਲ ਪ੍ਰਦਰਸ਼ਨਾਂ ਰਾਹੀਂ ਜਾਗਰੂਕ ਕੀਤਾ ਅਤੇ ਵਿਦਿਆਰਥੀਆਂ ਤੋਂ ਅਭਿਆਸ ਵੀ ਕਰਵਾਇਆ।
ਬੁਲਾਰਿਆਂ ਨੇ ਕਿਹਾ ਕਿ ਸੰਕਟ ਦੀ ਸਥਿਤੀ ਵਿੱਚ ਵਿਦਿਆਰਥੀ ਨਾ ਸਿਰਫ਼ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ, ਸਗੋਂ ਆਪਣੇ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਵੀ ਇਸ ਬਾਰੇ ਜਾਗਰੂਕਤਾ ਪੈਦਾ ਕਰ ਸਕਦੇ ਹਨ। ਬੋੜਾਵਾਲ ਪਿੰਡ ਦੇ ਵਾਸੀਆਂ ਨੇ ਐਨ.ਡੀ.ਆਰ.ਐਫ ਤੇ ਪੰਜਾਬ ਹੋਮ ਗਾਰਡਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *