ਵਾਰਡ ਨੰਬਰ 22 ਤੋਂ ‘ਆਪ’ ਉਮੀਦਵਾਰ ਮੁਨਸ਼ੀ ਫ਼ਾਰੂਕ ਅਹਿਮਦ ਦੇ ਚੋਣ ਦਫ਼ਤਰ ਦਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਵੱਲੋਂ ਉਦਘਾਟਨ

0

ਮਾਲੇਰਕੋਟਲਾ ਦੇ ਸਰਬਪੱਖੀ ਵਿਕਾਸ ਲਈ ‘ਆਪ’ ਸਰਕਾਰ ਵਚਨਬੱਧ, ਲੋਕਾਂ ਦਾ ਮਿਲ ਰਿਹੈ ਭਰਪੂਰ ਸਮਰਥਨ : ਵਿਧਾਇਕ ਜਮੀਲ ਉਰ ਰਹਿਮਾਨ
ਵਾਰਡ ਨੰਬਰ 22 ਨੂੰ ਮਾਲੇਰਕੋਟਲਾ ਦਾ ਸਭ ਤੋਂ ਵਿਕਸਿਤ ਤੇ ਨਮੂਨੇ ਦਾ ਵਾਰਡ ਬਣਾਵਾਂਗਾ : ਮੁਨਸ਼ੀ ਫ਼ਾਰੂਕ ਅਹਿਮਦ
ਮਾਲੇਰਕੋਟਲਾ 18 ਮਈ ( ਮੁਨਸ਼ੀ ਫ਼ਾਰੂਕ)   ਵਾਰਡ ਨੰਬਰ 22 ਵਿਖੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸੀਨੀਅਰ ਪੱਤਰਕਾਰ ਮੁਨਸ਼ੀ ਫ਼ਾਰੂਕ ਅਹਿਮਦ ਦੇ ਚੋਣ ਦਫ਼ਤਰ ਦਾ ਉਦਘਾਟਨ ਬੜੀ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਵਾਰਡ ਵਾਸੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਿਲਆ, ਜਿਸ ਨੇ ਚੋਣ ਮੁਹਿੰਮ ਨੂੰ ਇੱਕ ਵੱਡਾ ਹੁਲਾਰਾ ਦਿੱਤਾ ਇਸ ਮੌਕੇ ਇਕੱਤਰ ਹੋਏ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਆਸਤ ਵਿੱਚ ਬਦਲਾਅ ਅਤੇ ਲੋਕ-ਪੱਖੀ ਵਿਕਾਸ ਦੀ ਪ੍ਰਤੀਕ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੋ ਵਾਅਦੇ ਜਨਤਾ ਨਾਲ ਕੀਤੇ ਸਨ, ਉਹ ਹਕੀਕਤ ਵਿੱਚ ਪੂਰੇ ਕਰਕੇ ਦਿਖਾਏ ਹਨ। ਅੱਜ ਪੰਜਾਬ ਦੇ 90 ਫੀਸਦੀ ਤੋਂ ਵਧੇਰੇ ਪਰਿਵਾਰਾਂ ਨੂੰ ਹਰ ਮਹੀਨੇ ‘ਜ਼ੀਰੋ ਬਿਜਲੀ ਬਿੱਲ’ ਆ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੇ ਘਰਾਂ ਦਾ ਬਜਟ ਸੁਧਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਵਾਸੀਆਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਇੱਕ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ। ਸਰਕਾਰ ਦੀ ਇਸ ਇਤਿਹਾਸਕ ਪਹਿਲ ਨਾਲ ਹੁਣ ਹਰੇਕ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਾ ਸਿੱਧਾ ਲਾਭ ਮਿਲ ਰਿਹਾ ਹੈ। ਪੰਜਾਬ ਭਰ ਵਿੱਚ ਖੋਲ੍ਹੇ ਗਏ ‘ਆਮ ਆਦਮੀ ਕਲੀਨਿਕ’ ਸਿਹਤ ਕ੍ਰਾਂਤੀ ਦੀ ਮਿਸਾਲ ਬਣੇ ਹਨ। ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਸਿਫ਼ਾਰਿਸ਼ ਦੇ ਹਜ਼ਾਰਾਂ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਵਿਧਾਇਕ ਰਹਿਮਾਨ ਨੇ ਉਮੀਦਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਨਸ਼ੀ ਫ਼ਾਰੂਕ ਅਹਿਮਦ ਇੱਕ ਇਮਾਨਦਾਰ ਅਤੇ ਮਿਹਨਤੀ ਆਗੂ ਹਨ। ਵਾਰਡ ਵਾਸੀਆਂ ਦਾ ਇਹ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਤੋਂ ਬੇਹੱਦ ਖੁਸ਼ ਹਨ ਅਤੇ ਵਿਕਾਸ ਦੇ ਨਾਂ ‘ਤੇ ‘ਆਪ’ ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ ਹਨ। ਅਸੀਂ ਵਾਰਡ ਨੰਬਰ 22 ਸਮੇਤ ਪੂਰੇ ਮਾਲੇਰਕੋਟਲਾ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਾਂ। ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਵਾਰਡ ਵਾਸੀਆਂ ਅਤੇ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਧੰਨਵਾਦ ਕਰਦਿਆਂ ਉਮੀਦਵਾਰ ਮੁਨਸ਼ੀ ਫ਼ਾਰੂਕ ਅਹਿਮਦ ਨੇ ਕਿਹਾ, “ਮੈਂ ਵਾਰਡ ਦੇ ਸਮੂਹ ਵਾਸੀਆਂ ਅਤੇ ਸਾਡੇ ਹਰਮਨਪਿਆਰੇ ਵਿਧਾਇਕ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇੰਨਾ ਮਾਣ-ਸਤਿਕਾਰ ਬਖਸ਼ਿਆ ਹੈ। ਮੇਰਾ ਮੁੱਖ ਮਕਸਦ ਸਿਆਸਤ ਕਰਨਾ ਨਹੀਂ, ਸਗੋਂ ਆਪਣੇ ਵਾਰਡ ਦੇ ਹਰ ਇੱਕ ਨਾਗਰਿਕ ਦੀ ਸੇਵਾ ਕਰਨਾ ਹੈ।” ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਵਾਰਡ ਦੀਆਂ ਗਲੀਆਂ-ਨਾਲੀਆਂ, ਸਾਫ਼ ਪਾਣੀ, ਸਟਰੀਟ ਲਾਈਟਾਂ ਅਤੇ ਸਫ਼ਾਈ ਵਿਵਸਥਾ ਵਰਗੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਕੇ ਵਾਰਡ ਨੰਬਰ 22 ਨੂੰ ਮਾਲੇਰਕੋਟਲਾ ਦਾ ਸਭ ਤੋਂ ਨਮੂਨੇ ਦਾ ਅਤੇ ਵਿਕਸਿਤ ਵਾਰਡ ਬਣਾਇਆ ਜਾਵੇਗਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਮੈਡਮ ਫਰਿਆਲ ਰਹਿਮਾਨ (ਧਰਮਪਤਨੀ ਵਿਧਾਇਕ ਮਾਲੇਰਕੋਟਲਾ), ਪੰਜਾਬ ਵਕਫ਼ ਬੋਰਡ ਦੇ ਮੈਂਬਰ ਸ਼ਹਿਬਾਜ਼ ਰਾਣਾ, ਵਾਰਡ ਨੰਬਰ 19 ਤੋਂ ‘ਆਪ’ ਉਮੀਦਵਾਰ ਨੀਨਾ ਦੇ ਪਤੀ ਮੁਹੰਮਦ ਇਮਤਿਆਜ਼, ਲਾਲਦੀਨ ਲਾਲੂ ਤੱਖਰ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਪ੍ਰਸਿੱਧ ਸ਼ਾਇਰ ਜਮੀਰ ਅਲੀ ਜਮੀਰ ਨੇ ਸਟੇਜ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਸਮਾਗਮ ਦੇ ਅਖੀਰ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਨੇ ਮੁਨਸ਼ੀ ਫ਼ਾਰੂਕ ਅਹਿਮਦ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *