ਸੂਬੇ ‘ਚ ਅਮਨ ਕਾਨੂੰਨ ਦੀ ਹਾਲਤ ਬਦਤਰ, ਲੋਕ ਚੋਣਾਂ ‘ਚ ‘ਆਪ’ ਤੋਂ ਲੈਣਗੇ ਹਿਸਾਬ- ਜੀਤਮਹਿੰਦਰ ਸਿੰਘ ਸਿੱਧੂ।

0

ਤਲਵੰਡੀ ਸਾਬੋ 11 ਮਈ (ਗੁਰਜੰਟ ਸਿੰਘ ਨਥੇਹਾ)- ਸੂਬੇ ‘ਚ ਪਿਛਲੇ ਸਵਾ ਚਾਰ ਸਾਲ ਤੋਂ ਖਰਾਬ ਚੱਲ ਰਹੀ ਅਮਨ ਕਾਨੂੰਨ ਦੀ ਹਾਲਤ ਹੁਣ ਬਦਤਰ ਹਾਲਤ ‘ਚ ਪਹੁੰਚ ਗਈ ਹੈ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸਿਖਰਾਂ ‘ਤੇ ਹੈ ਤੇ ਅਜੇ ਵੀ ਸੱਤਾਧਿਰ ਇਹ ਪ੍ਰਚਾਰ ਕਰਦੀ ਨਹੀ ਥੱਕਦੀ ਕਿ ਉਨਾਂ ਨੇ ਸੂਬੇ ਨੂੰ ਰੰਗਲਾ ਬਣਾ ਦਿੱਤਾ ਹੈ ਪਰ ਸਰਕਾਰ ਦੇ ਇਸ ਝੂਠ ਦਾ ਹਿਸਾਬ ਲੋਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਲੈਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ। ਸਿੱਧੂ ਜੋ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਇੱਕ ਜਨਤਕ ਪ੍ਰੋਗਰਾਮ ‘ਚ ਹਾਜ਼ਰੀ ਭਰਨ ਲਈ ਪੁੱਜੇ ਸਨ ਨੇ ਬਾਅਦ ‘ਚ ਗੱਲ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਇਕੱਲਿਆਂ ਬਾਹਰ ਭੇਜਣ ਤੋਂ ਡਰਨ ਲੱਗ ਪਏ ਹਨ।ਗੈਂਗਸਟਰਾਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਉਹ ਸ਼ਰੇਆਮ ਸੱਤਾਧਿਰ ਦੇ ਵਿਧਾਇਕ ਤੱਕ ਨੂੰ ਧਮਕੀ ਦੇ ਦਿੰਦੇ ਹਨ। ਕੋਈ ਵੀ ਦੁਕਾਨਦਾਰ ਜਾਂ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰ ਰਿਹਾ ਪਰ ਸਰਕਾਰ ਦੇ ਆਗੂ ਚੁਟਕੁਲੇ ਸੁਣਾ ਕੇ ਕੰੰਮ ਚਲਾ ਰਹੇ ਹਨ।ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਕਹਿਣ ਨੂੰ ਕੁਝ ਹੈ ਹੀ ਨਹੀ ਸਗੋਂ ਜੋ ਵਿਕਾਸ ਕਾਰਜ ਅਸੀਂ ਪਿਛਲੇ ਸਮਿਆਂ ‘ਚ ਕਰਵਾਏ ਮੌਜੂਦਾ ਸਰਕਾਰ ਉਸਦੀ ਸਾਂਭ ਸੰਭਾਲ ਤੱਕ ਨਹੀ ਕਰਵਾ ਸਕੀ। ਉਨਾਂ ਕਿਹਾ ਕਿ ਜਿੱਥੇ ਨਗਰ ਨਿਗਮ/ਕੌਂਸਲ ਚੋਣਾਂ ‘ਚ ਔਰਤਾਂ ਸਰਕਾਰ ਤੋਂ ਹਜ਼ਾਰ ਹਜ਼ਾਰ ਰੁਪਿਆ ਮਾਣ ਭੱਤਾ ਨਾ ਦਿੱਤੇ ਜਾਣ ਦਾ ਹਿਸਾਬ ਲੈਣਗੀਆਂ ਉੱਥੇ ਲੋਕ 2027 ਵਿਧਾਨ ਸਭਾ ਚੋਣਾਂ ‘ਚ ਤਾਂ ਆਮ ਆਦਮੀ ਪਾਰਟੀ ਤੋਂ ਸਾਰਾ ਹਿਸਾਬ ਹੀ ਲੈ ਲੈਣਗੇ। ਸਿੱਧੂ ਨਾਲ ਇਸ ਮੌਕੇ ਸੀ. ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕ੍ਰਿਸ਼ਨ ਯਾਦਵ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਦਰਸ਼ਨ ਗਿੱਲ, ਕੁਲਦੀਪ ਰਾਇਲ, ਜਗਦੀਪ ਗੋਦਾਰਾ, ਹਰਪਾਲ ਵਿਰਕ ਆਦਿ ਆਗੂ ਮੌਜੁੂਦ ਸਨ।

Leave a Reply

Your email address will not be published. Required fields are marked *