ਪੁਲਿਸ ਥਾਣਿਆਂ ਵਿੱਚ ਨਫਰੀ ਦੀ ਘਾਟ ਕਾਰਨ ਜੁਰਮ ਕਰਨ ਵਾਲਿਆਂ ਤੇ ਕਾਬੂ ਪਾਉਣਾ ਅਸੰਭਵ

ਪੰਜਾਬ ਸੂਬੇ ਵਿੱਚ 464 ਵਿਅਕਤੀਆਂ ਦੀ ਰਾਖੀ ਲਈ ਸਿਰਫ ਇੱਕ ਪੁਲਿਸ ਕਰਮਚਾਰੀ ਮੌਜੂਦ
ਅਮਰਗੜ੍ਹ, (ਬਲਵਿੰਦਰ ਸਿੰਘ ਭੁੱਲਰ)-ਪੰਜਾਬ ਵਿੱਚ ਇਸ ਸਮੇਂ 23 ਭੂਗੋਲਿਕ ਜਿਲੇ੍ਹ ਮੌਜੂਦ ਹਨ ਪਰ ਪੁਲਿਸ ਜਿਿਲਆਂ ਦੀ ਗਿਣਤੀ 24 ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਪੁਲਿਸ ਦੀ ਸਹੂਲਤ ਮੁਤਾਬਕ ਕੁਝ ਵੱਖਰੇ ਜਿਲੇ੍ਹ ਵੀ ਬਣਾਏ ਗਏ ਸਨ ਜਿਹੜੇ ਸਿਰਫ ਪੁਲਿਸ ਪ੍ਰਬੰਧ ਤੱਕ ਹੀ ਸੀਮਤ ਹਨ। ਪੁਲਿਸ ਪ੍ਰਬੰਧ ਨੂੰ ਵਧੇਰੇ ਚੁਸਤ ਦਰੁਸਤ,ਕਰਾਈਮ ਨੂੰ ਕਾਰਗਰ ਤਰੀਕੇ ਨਾਲ ਨੱਥ ਪਾਉਣ ਅਤੇ ਸਿਸਟਮ ਨੂੰ ਸੁਚਾਰੂ ਰੂਪ ਦੇਣ ਲਈ ਪੰਜਾਬ ਸਰਕਾਰ ਵਲੋਂ ਮੁੰਬਈ ਅਤੇ ਦਿੱਲੀ ਮਹਾਂਨਗਰਾਂ ਦੀ ਤਰਜ਼ ਤੇ ਸੂਬੇ ਅੰਦਰ ਤਿੰਨ ਪੁਲਿਸ ਕਮਿਸ਼ਨਰੇਟਾਂ ਲੁਧਿਆਣਾ,ਜਲੰਧਰ ਅਤੇ ਅੰਮ੍ਰਿਤਸ਼ਰ ਦੀ ਸਥਾਪਨਾ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਮੁਖੀਆਂ ਨੂੰ ਪੁਲਿਸ ਕਮਿਸ਼ਨਰ ਕਿਹਾ ਜਾਂਦਾ ਹੈ। ਸੂਬੇ ਅੰਦਰ ਇਸ ਸਮੇਂ ਤਕਰੀਬਨ 70,000 ਪੁਲਿਸ ਫੋਰਸ ਹੈ ਜਿਹੜੀ ਕੇ ਸੂਬੇ ਵਿੱਚ ਵਸਦੇ ਲਗਭਗ ਤਿੰਨ ਕਰੋੜ 25 ਲੱਖ ਲੋਕਾਂ ਦੀ ਰਾਖੀ ਲਈ ਤਾਇਨਾਤ ਹੈ। ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ 464 ਬੰਦਿਆਂ ਦੀ ਰਾਖੀ ਲਈ ਇੱਕ ਪੁਲਿਸ ਕਰਮਚਾਰੀ ਮੌਜੂਦ ਹੈ। ਇਸ ਤੋਂ ਇਲਾਵਾ ਇਹ ਫੋਰਸ ਪੰਜਾਬ ਆਰਮਡ ਪੁਲਿਸ,ਇੰਡੀਅਨ ਰਿਜ਼ਰਵ ਬਟਾਲੀਅਨ ਅਤੇ ਪੰਜਾਬ ਕਮਾਂਡੋ ਪੁਲਿਸ ਦੇ ਨਾਂਅ ਹੇਠ ਡਿਊਟੀ ਨਿਭਾਅ ਕੇ ਆਪਣਾ ਫਰਜ਼ ਅਦਾ ਕਰ ਰਹੀ ਹੈ।1861 ਦੇ ਇੱਕ ਕਾਨੂੰਨ ਮੁਤਾਬਕ ਅੰਗਰੇਜ਼ ਸਰਕਾਰ ਵਲੋਂ ਗਠਿਤ ਕੀਤੀ ਪੰਜਾਬ ਪੁਲਿਸ ਫੋਰਸ ਦਾ ਇਸ ਸਮੇਂ ਸਲਾਨਾ ਬਜ਼ਟ ਲਗਭਗ 4600 ਕਰੋੜ ਰੁਪਏ ਹੈ।ਪੰਜਾਬ ਪੁਲਿਸ ਦੀਆਂ ਇਸ ਸਮੇਂ ਸੱਤ ਰੇਜਾਂ ਹਨ ਜਿਨ੍ਹਾਂ ਵਿੱਚ ਬਾਰਡਰ ਰੇਂਜ,ਪਟਿਆਲਾ ਰੇਂਜ,ਰੂਪਨਗਰ,ਜਲੰਧਰ,ਲੁਧਿਆਣਾ,ਬਠਿੰਡਾ ਅਤੇ ਫਿਰੋਜ਼ਪੁਰ ਸ਼ਾਮਲ ਹਨ।ਸੂਬੇ ਅੰਦਰ ਇਸ ਸਮੇਂ ਡੀ.ਜੀ.ਪੀ.ਰੈਂਕ ਦੇ ਅੱਠ ਅਧਿਕਾਰੀ ਮੌਜੂਦ ਹਨ ਤੇ ਇਸ ਦੇ ਨਾਲੋ ਨਾਲ ਸੂਬੇ ਅੰਦਰ 350 ਵੀ.ਆਈ.ਪੀਜ਼ ਦੀ ਰਾਖੀ ਲਈ 1300 ਸਿਪਾਹੀ ਵੀ ਤਾਇਨਾਤ ਕੀਤੇ ਗਏ ਹਨ ।ਇੱਕ ਸੇਵਾ ਮੁਕਤ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਥਾਣੇ ਵਿੱਚ ਹਰ ਛੇ ਮਹੀਨਿਆਂ ਅੰਦਰ ਲਗਭਗ 250 ਕੇਸ਼ ਦਰਜ਼ ਹੁੰਦੇ ਹਨ ਤੇ ਇਨ੍ਹਾਂ ਤੋਂ ਇਲਾਵਾ 150 ਵੱਖ ਵੱਖ ਤਰਾਂ ਦੀਆਂ ਦਰਖਾਸਤਾਂ ਵੀ ਆਉਂਦੀਆਂ ਹਨ।ਇਸ ਦੇ ਨਾਲੋ ਨਾਲ ਇਸੇ ਅਰਸੇ ਦੌਰਾਨ 50-60 ਦਰਖਾਸਤਾਂ ਪੁਨਰ ਪੜਤਾਲ ਲਈ ਵੀ ਆ ਜਾਂਦੀਆ ਹਨ ਪਰ ਥਾਣਿਆਂ ਅੰਦਰ ਪੁਲਿਸ ਨਫਰੀ ਦੀ ਵਿਆਪਕ ਘਾਟ ਦੇ ਚਲਦਿਆਂ ਥਾਣਾ ਮੁਖੀ ਨੂੰ ਘੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਦੱਸਿਆ ਕਿ ਕੰਮ ਦੇ ਭਾਰੀ ਬੋਝ ਨੂੰ ਨਿਪਟਾਉਣ ਲਈ ਹਰ ਥਾਣੇ ਅੰਦਰ ਤਿੰਨ ਮੁਨਸ਼ੀ,ਇੱਕ ਕੰਪਿਊਟਰ ਆਪਰੇਟਰ,ਇੱਕ ਡਾਕ ਵਾਲਾ,ਤਿੰਨ ਵਾਇਰਲੈਸ ਕਰਮਚਾਰੀ,ਤਿੰਨ ਸੰਤਰੀ ਅਤੇ ਘੱਟੋ ਘੱਟ 35-40 ਪੁਲਿਸ ਕਰਮਚਾਰੀਆ ਦੀ ਹਰ ਸਮੇਂ ਮੌਜੂਦਗੀ ਦੀ ਲੋੜ ਪੈਂਦੀ ਹੈ ਕਿਉਂਕਿ ਪੁਲਸ਼ ਗਸ਼ਤ,ਪੁਲਿਸ ਨਾਕੇ,ਵੀ. ਆਈ.ਪੀ.ਡਿਊਟੀਆਂ,ਰੇਡਾਂ ਅਤੇ ਹੋਰ ਅਨੇਕਾਂ ਕਿਸਮ ਦੇ ਕੰਮ ਹੁੰਦੇ ਹਨ ਜਿਸ ਸਦਕਾ ਸਮਾਜ ਅੰਦਰ ਕਰਾਈਮ ਨੂੰ ਸੁਚੱਜੇ ਢੰਗ ਨਾਲ ਨੱਥ ਪਾਈ ਜਾ ਸਕਦੀ ਹੈ।ਇਸ ਪੁਲਿਸ ਅਧਿਕਾਰੀ ਨੇ ਥਾਣਾ ਅਮਰਗੜ੍ਹ ਬਾਰੇ ਦੱਸਿਆ ਕਿ ਇਸ ਥਾਣੇ ਅਧੀਨ ਆਉਂਦੇ 77 ਪਿੰਡਾਂ ਨੂੰ ਸੰਭਾਲਣ ਲਈ ਸਿਰਫ ਇੱਕ ਚੌਕੀ ਸਮੇਤ 5 ਥਾਣੇਦਾਰ ਮੌਜੂਦ ਹਨ ਪੁਲਿਸ ਥਾਣਿਆਂ ਵਿੱਚ ਨਫਰੀ ਦੀ ਘਾਟ ਜੁਰਮ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਅਤੇ ਲੋਕਾਂ ਨੂੰ ਇਨਸਾਫ ਦੇਣ ਲਈ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ ਵਧ ਰਹੇ ਜੁਰਮ ਨੂੰ ਨੱਥ ਪਾਉਣ ਲਈ ਸਰਕਾਰ ਨੂੰ ਥਾਣਿਆਂ ਵਿੱਚ ਨਫਰੀ ਵਧਾਉਣ ਦੀ ਸਖਤ ਜਰੂਰਤ ਹੈ।ਕੁੱਝ ਕਰਮਚਾਰੀ ਕੰਮ ਦੇ ਵੱਧ ਪ੍ਰੈਸਰ ਕਾਰਨ ਛੁੱਟੀ ਲੈਣ ਤੋਂ ਵੀ ਅਸਮਰੱਥ ਹਨ।
