ਕਾਂਗਰਸ ਦੀ ਜਿੱਤ ਦਾ ਅਧਾਰ ਬਣਨਗੀਆਂ ਹੇਮਾ ਸ਼ਰਮਾ ਅਤੇ ਸ਼ਾਲੂ ਭੱਟੀ : ਸੰਜੀਵ ਬੈਂਸ

ਪਠਾਨਕੋਟ, 14 ਮਈ (ਅਕਸ਼ੇ)-ਵਿਧਾਨ ਸਭਾ ਹਲਕਾ ਭੋਆ ਅਧੀਨ ਪੈਂਦੇ ਸਰਨਾ ਵਿਖੇ ਵਾਰਡ ਨੰਬਰ 44 ਤੋਂ ਹੇਮਾ ਸ਼ਰਮਾ ਅਤੇ ਵਾਰਡ ਨੰਬਰ 45 ਤੋਂ ਸ਼ਾਲੂ ਭੱਟੀ ਨੂੰ ਕਾਂਗਰਸ ਪਾਰਟੀ ਵੱਲੋਂ ਕੌਂਸਲਰ ਉਮੀਦਵਾਰ ਐਲਾਣੇ ਜਾਣ ਤੋਂ ਬਾਅਦ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਦੋਵਾਂ ਉਮੀਦਵਾਰਾਂ ਨੂੰ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਬੈਂਸ ਵੱਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਜਿੱਤ ‘ਤੇ ਭਰੋਸਾ ਜਤਾਇਆ ਗਿਆ। ਇਸ ਮੌਕੇ ਸੰਜੀਵ ਬੈਂਸ ਨੇ ਕਿਹਾ ਕਿ ਹੇਮਾ ਸ਼ਰਮਾ ਅਤੇ ਸ਼ਾਲੂ ਭੱਟੀ ਦੋਵੇਂ ਹੀ ਮਿਹਨਤੀ, ਇਮਾਨਦਾਰ ਅਤੇ ਲੋਕਾਂ ਵਿੱਚ ਮਜ਼ਬੂਤ ਪਕੜ ਰੱਖਣ ਵਾਲੀਆਂ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੇ ਲੰਮੇ ਸਮੇਂ ਤੋਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਰਾਹੀਂ ਲੋਕਾਂ ਦਾ ਭਰੋਸਾ ਜਿੱਤਿਆ ਹੈ, ਜਿਸ ਦਾ ਲਾਭ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਆਗੂਆਂ ਨੂੰ ਟਿਕਟ ਦੇ ਕੇ ਇਹ ਸਾਬਤ ਕੀਤਾ ਹੈ ਕਿ ਪਾਰਟੀ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਪਹਿਲ ਦਿੰਦੀ ਹੈ। ਬੈਂਸ ਨੇ ਵਿਸ਼ਵਾਸ ਜਤਾਇਆ ਕਿ ਵਾਰਡ ਨੰਬਰ 44 ਅਤੇ 45 ਦੀ ਜਨਤਾ ਵਿਕਾਸ ਅਤੇ ਲੋਕ ਸੇਵਾ ਦੇ ਮੁੱਦਿਆਂ ‘ਤੇ ਕਾਂਗਰਸ ਉਮੀਦਵਾਰਾਂ ਨੂੰ ਭਰਪੂਰ ਸਮਰਥਨ ਦੇਵੇਗੀ ਅਤੇ ਦੋਵੇਂ ਉਮੀਦਵਾਰ ਭਾਰੀ ਮਤਾਂ ਨਾਲ ਜਿੱਤ ਦਰਜ ਕਰਨਗੇ। ਸੰਜੀਵ ਬੈਂਸ ਨੇ ਕਿਹਾ ਕਿ ਹੇਮਾ ਸ਼ਰਮਾ ਅਤੇ ਸ਼ਾਲੂ ਭੱਟੀ ਮਜ਼ਬੂਤ ਉਮੀਦਵਾਰ ਵਜੋਂ ਉਭਰੀਆਂ ਹਨ ਅਤੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦਾ ਝੰਡਾ ਲਹਿਰਾਉਣਗੀਆਂ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਕਾਂਗਰਸ ਨੂੰ ਵੱਡਾ ਜਨ ਸਮਰਥਨ ਮਿਲ ਸਕੇ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੇ ਵੀ ਦੋਵੇਂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਜਿੱਤ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
