ਸੰਗਤ ਇਲਾਕੇ ਅੰਦਰ ਮੀਹ ਝੱਖੜ ਨੇ ਕੀਤਾ ਡਾਢਾ ਨੁਕਸਾਨ

ਰਾਮਾ ਮੰਡੀ, 30 ਮਈ (ਅਸ਼ੋਕ ਕੁਮਾਰ) – ਬੀਤੀ ਰਾਤ ਨੂੰ ਆਏ ਤੇਜ਼ ਮੀਂਹ, ਹਨੇਰੀ ਅਤੇ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਕਾਰਨ ਖੇਤਰ ਦੇ ਕਿਸਾਨਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ। ਪਿੰਡ ਜੱਸੀ ਬਾਗ ਵਾਲੀ ਦੇ ਰਹਿਣ ਵਾਲੇ ਕਿਸਾਨ ਕ੍ਰਿਸ਼ਨ ਸਿੰਘ (ਪੁੱਤਰ ਰਣਜੀਤ ਸਿੰਘ) ਨੇ ਭਰੇ ਮਨ ਅਤੇ ਬੇਹੱਦ ਪਰੇਸ਼ਾਨੀ ਵਿੱਚ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਕਿਆ ਰੋਡ ‘ਤੇ ਸਥਿਤ ਉਨ੍ਹਾਂ ਦੇ ਖੇਤ ਵਿੱਚ ਇੱਕ ਸੋਲਰ ਮੋਟਰ ਲੱਗੀ ਹੋਈ ਸੀ।ਰਾਤ ਨੂੰ ਆਏ ਭਿਆਨਕ ਝੱਖੜ ਨੇ ਸੋਲਰ ਪੈਨਲਾਂ ਨੂੰ ‘ ਜੜ੍ਹੋਂ ਜੜ੍ਹ ਪੱਟ ਪੱਟ ਕੇ ਬਾਹਰ ਸੁੱਟ ਦਿੱਤਾ। ਇਸ ਤੇਜ਼ ਹਨੇਰੀ ਕਾਰਨ ਸਾਰੀਆਂ ਪਲੇਟਾਂ, ਪੈਨਲ, ਬਿਜਲੀ ਦੇ ਖੰਭੇ ਅਤੇ ਆਲੇ-ਦੁਆਲੇ ਦੇ ਦਰਖ਼ਤ ਟੁੱਟ ਕੇ ਜ਼ਮੀਨ ‘ਤੇ ਆ ਗਿਰੇ। ਕ੍ਰਿਸ਼ਨ ਸਿੰਘ ਨੇ ਦੱਸਿਆ ਕਿ
ਉਹ ਇੱਕ ਛੋਟੇ ਕਿਸਾਨ ਹਨ ਅਤੇ ਇਸ ਅਚਾਨਕ ਹੋਏ ਭਾਰੀ ਨੁਕਸਾਨ ਕਾਰਨ ਉਨ੍ਹਾਂ ਦਾ ਪਰਿਵਾਰ ਗਹਿਰੀ ਚਿੰਤਾ ਵਿੱਚ ਡੁੱਬ ਗਿਆ ਹੈ। ਮੋਟਰ ਅਤੇ ਪੈਨਲ ਪੂਰੀ ਤਰ੍ਹਾਂ ਨਸ਼ਟ ਹੋਣ ਕਾਰਨ ਉਨ੍ਹਾਂ ਦੇ ਰੁਜ਼ਗਾਰ ਅਤੇ ਫ਼ਸਲ ‘ਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਅਪੀਲ ਕੀਤੀ ਹੈ ਕਿ ਮੱਕੇ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਇਸ ਵੱਡੇ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲ ਸਕਣ।
