ਹੋਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ਹਰ ਸਾਮਾਨ ’ਤੇ ਲੱਗੇਗਾ ਟੈਕਸ : ਟਰੰਪ

ਹੋਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਰਮੁਜ਼ ਜਲ ਮਾਰਗ (ਸਟਰੇਟ ਆਫ਼ ਹੋਰਮੁਜ਼) ਰਾਹੀਂ ਲੰਘਣ ਵਾਲੇ ਵਪਾਰਕ ਕਾਰਗੋ ‘ਤੇ 20 ਫ਼ੀਸਦੀ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਭਾਰਤ ਦੀ ਸਪਲਾਈ ਚੇਨ ਅਤੇ ਊਰਜਾ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸਪੈਸ਼ਲ’ ‘ਤੇ ਕਿਹਾ ਕਿ ਅਮਰੀਕਾ ਹੁਣ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਕਰੇਗਾ ਅਤੇ ਇਸ ਦੇ ਬਦਲੇ ਇਸ ਰਸਤੇ ਤੋਂ ਲੰਘਣ ਵਾਲੇ ਸਾਰੇ ਵਪਾਰਕ ਸਾਮਾਨ ‘ਤੇ 20 ਫ਼ੀਸਦੀ ਫੀਸ ਵਸੂਲੀ ਜਾਵੇਗੀ।
ਟਰੰਪ ਨੇ ਇਹ ਵੀ ਕਿਹਾ ਕਿ ਜਲ ਮਾਰਗ ਖੁੱਲ੍ਹਾ ਰਹੇਗਾ, ਪਰ ਇਰਾਨੀ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣ ਲਈ ਅਮਰੀਕਾ ਮੁੜ ਨਾਕਾਬੰਦੀ ਕਰੇਗਾ, ਜਦਕਿ ਹੋਰ ਦੇਸ਼ਾਂ ਦੇ ਜਹਾਜ਼ ਇਸ ਰਸਤੇ ਦੀ ਵਰਤੋਂ ਕਰ ਸਕਣਗੇ। ਇਸ ਐਲਾਨ ਦਾ ਭਾਰਤ ‘ਤੇ ਸਿੱਧਾ ਅਸਰ ਪੈ ਸਕਦਾ ਹੈ, ਕਿਉਂਕਿ ਦੇਸ਼ ਆਪਣੀ ਲੋੜ ਦਾ 50 ਫ਼ੀਸਦੀ ਤੋਂ ਵੱਧ ਐਲਐਨਜੀ (LNG) ਅਤੇ ਲਗਭਗ 35 ਤੋਂ 50 ਫ਼ੀਸਦੀ ਕੱਚਾ ਤੇਲ ਹਰਮੁਜ਼ ਜਲ ਮਾਰਗ ਰਾਹੀਂ ਆਯਾਤ ਕਰਦਾ ਹੈ। 20 ਫ਼ੀਸਦੀ ਟੈਕਸ ਅਤੇ ਸਮੁੰਦਰੀ ਯੁੱਧ-ਜੋਖਮ ਬੀਮੇ ਦੀ ਲਾਗਤ ਵਧਣ ਨਾਲ ਇੰਧਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ, ਭਾਰਤ ਖਾੜੀ ਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਖਾਦਾਂ ਅਤੇ ਉਨ੍ਹਾਂ ਦੇ ਕੱਚੇ ਮਾਲ ਦੀ ਆਯਾਤ ਕਰਦਾ ਹੈ। ਜੇਕਰ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਖੇਤੀਬਾੜੀ ਦੀ ਲਾਗਤ ਵੀ ਵਧ ਸਕਦੀ ਹੈ।
ਜੇਕਰ ਜਹਾਜ਼ਾਂ ਨੂੰ ਹਰਮੁਜ਼ ਦੀ ਬਜਾਏ ਅਫ਼ਰੀਕਾ ਦੇ ਦੱਖਣੀ ਸਿਰੇ ‘ਕੇਪ ਆਫ਼ ਗੁੱਡ ਹੋਪ’ ਰਾਹੀਂ ਭੇਜਿਆ ਜਾਂਦਾ ਹੈ ਤਾਂ ਸਮੁੰਦਰੀ ਯਾਤਰਾ 10 ਤੋਂ 15 ਦਿਨ ਲੰਬੀ ਹੋ ਸਕਦੀ ਹੈ ਅਤੇ ਮਾਲ ਭਾੜੇ ਦੀ ਲਾਗਤ ਵਿੱਚ 30 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ। ਇਸ ਨਾਲ ਆਯਾਤੀ ਵਸਤਾਂ ਮਹਿੰਗੀਆਂ ਹੋਣਗੀਆਂ ਅਤੇ ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਹੋਰ ਵਧ ਸਕਦਾ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਕੱਚੇ ਤੇਲ, ਗੈਸ, ਖਾਦ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਭਾਰਤ ਦੀ ਥੋਕ ਅਤੇ ਪ੍ਰਚੂਨ ਮਹਿੰਗਾਈ ‘ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ।
