ਬੈਂਕਾਕ ਦੇ ਪੱਬ ਵਿੱਚ ਭਿਆਨਕ ਅੱਗ, 27 ਲੋਕਾਂ ਦੀ ਮੌਤ; ਕਈ ਜ਼ਖ਼ਮੀ

0
Thailand

ਬੈਂਕਾਕ ਦੇ ਪੱਬ ਵਿੱਚ ਭਿਆਨਕ ਅੱਗ...

ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸੋਮਵਾਰ ਤੜਕੇ ਇੱਕ ਪੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਰਾਹਤ ਅਤੇ ਬਚਾਅ ਟੀਮਾਂ ਅਨੁਸਾਰ, ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਥਿਤ ਪੱਬ ਵਿੱਚ ਅੱਧੀ ਰਾਤ ਦੇ ਕਰੀਬ ਅੱਗ ਲੱਗੀ, ਜਿਸ ਨੇ ਕੁਝ ਹੀ ਮਿੰਟਾਂ ਵਿੱਚ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਕਾਲੇ ਧੂੰਏਂ ਦੇ ਗੁਬਾਰ ਆਸਮਾਨ ਵਿੱਚ ਛਾ ਗਏ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਨਜ਼ਰ ਆਏ।

ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੂਤਿਨ ਚਾਰਨਵੀਰਕੁਲ ਨੇ ਘਟਨਾ ਸਥਾਨ ਦਾ ਦੌਰਾ ਕਰਕੇ 27 ਮੌਤਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਐਮਰਜੈਂਸੀ ਸੇਵਾਵਾਂ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਘਟਨਾ ਸਥਾਨ ਦੀਆਂ ਵੀਡੀਓਜ਼ ਵਿੱਚ ਪੱਬ ਦੇ ਮੁੱਖ ਦਰਵਾਜ਼ੇ ਵਿੱਚੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲਦੀਆਂ ਅਤੇ ਲੋਕਾਂ ਨੂੰ ਬਚਣ ਲਈ ਭੱਜਦੇ ਦੇਖਿਆ ਗਿਆ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਚਤੁਚਕ ਜ਼ਿਲ੍ਹੇ ਵਿੱਚ ਸਥਿਤ ਰੋਂਗ ਬੀਅਰ ਨਾ ਲਾਟ ਫਰਾਓ ਨਾਮਕ ਪੱਬ ਵਿੱਚ ਕੁਝ ਲੋਕਾਂ ਨੇ ਅੱਗ ਤੋਂ ਬਚਣ ਲਈ ਟਾਇਲਟਾਂ ਵਿੱਚ ਸ਼ਰਨ ਲਈ, ਪਰ ਧੂੰਏਂ ਅਤੇ ਅੱਗ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ। ਬਚਾਅ ਕਰਮਚਾਰੀਆਂ ਨੂੰ ਕਈ ਲਾਸ਼ਾਂ ਟਾਇਲਟਾਂ ਵਿੱਚੋਂ ਮਿਲੀਆਂ। ਅਧਿਕਾਰੀਆਂ ਨੇ ਦੱਸਿਆ ਕਿ ਕਈ ਫਾਇਰ ਸਟੇਸ਼ਨਾਂ ਤੋਂ ਪਹੁੰਚੀਆਂ ਟੀਮਾਂ ਨੇ ਪਾਣੀ ਦੀਆਂ ਤੋਪਾਂ ਦੀ ਮਦਦ ਨਾਲ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *