30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 14 ਜੁਲਾਈ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸਦਰ ਥਾਣਾ ਮੋਰਿੰਡਾ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਅਵਤਾਰ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਪਿੰਡ ਚਤਾਮਲਾ, ਤਹਿਸੀਲ ਮੋਰਿੰਡਾ, ਜ਼ਿਲ੍ਹਾ ਰੋਪੜ ਦੇ ਇੱਕ ਕਿਸਾਨ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਸਵਰਗੀ ਪਿਤਾ ਨੇ ਵਕਫ਼ ਬੋਰਡ ਤੋਂ 99 ਸਾਲਾਂ ਦੀ ਲੀਜ਼ ‘ਤੇ ਕਰੀਬ 6 ਏਕੜ ਜ਼ਮੀਨ ਲਈ ਹੋਈ ਸੀ, ਜਿਸ ‘ਤੇ ਉਹ ਖੇਤੀ ਕਰ ਰਿਹਾ ਹੈ। ਵਿਵਾਦ ਉਸ ਸਮੇਂ ਪੈਦਾ ਹੋਇਆ ਜਦੋਂ ਦੂਜੀ ਧਿਰ ਦੇ ਤੇਜਪਾਲ ਸਿੰਘ ਨੇ ਜ਼ਮੀਨ ਦੇ ਇੱਕ ਹਿੱਸੇ ‘ਤੇ ਕਬਜ਼ਾ ਕਰਕੇ ਖੇਤੀ ਕੀਤੀ ਅਤੇ ਦੋ ਏਕੜ ਮੱਕੀ ਦੀ ਫ਼ਸਲ ਬਰਬਾਦ ਕਰ ਦਿੱਤੀ।
ਸੌਦਾ 35 ਹਜ਼ਾਰ ‘ਚ ਹੋਇਆ; 30 ਹਜ਼ਾਰ ਲੈਂਦਿਆਂ ਟਰੈਪ
ਸ਼ਿਕਾਇਤਕਰਤਾ ਵੱਲੋਂ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਸੀ, ਪਰ ਬਾਅਦ ਵਿੱਚ ਦੂਜੀ ਧਿਰ ਦੀ ਅਰਜ਼ੀ ‘ਤੇ ਪੁਲਿਸ ਨੇ ਸ਼ਿਕਾਇਤਕਰਤਾ ਅਤੇ ਉਸ ਦੀ ਮਾਂ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਅਵਤਾਰ ਸਿੰਘ ਕਰ ਰਿਹਾ ਸੀ।
ਸ਼ਿਕਾਇਤ ਅਨੁਸਾਰ ਮੁਲਜ਼ਮ ਏ.ਐਸ.ਆਈ. ਨੇ ਕੇਸ ਵਿੱਚੋਂ ਸ਼ਿਕਾਇਤਕਰਤਾ ਦੀ ਮਾਂ ਦਾ ਨਾਮ ਕੱਢਣ ਦੇ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬਾਅਦ ਵਿੱਚ ਸੌਦਾ 35,000 ਰੁਪਏ ਵਿੱਚ ਤੈਅ ਹੋਇਆ, ਜਿਸ ਵਿੱਚੋਂ 5,000 ਰੁਪਏ ਪਹਿਲਾਂ ਹੀ ਲਏ ਜਾ ਚੁੱਕੇ ਸਨ ਅਤੇ ਬਾਕੀ 30,000 ਰੁਪਏ ਦੀ ਅਦਾਇਗੀ ਲਈ ਕਿਹਾ ਗਿਆ ਸੀ।
ਰਿਸ਼ਵਤ ਨਾ ਦੇਣ ਦੀ ਇੱਛਾ ਰੱਖਦੇ ਹੋਏ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ, ਐਸ.ਏ.ਐਸ. ਨਗਰ ਨਾਲ ਸੰਪਰਕ ਕੀਤਾ। ਸ਼ਿਕਾਇਤ ਦੀ ਤਸਦੀਕ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਏ.ਐਸ.ਆਈ. ਅਵਤਾਰ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਐਸ.ਏ.ਐਸ. ਨਗਰ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
