ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਕਾਤ

ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਅੱਜ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨਾਲ ਇੱਥੇ ਬੁੱਢਾ ਦਲ ਦੇ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ,ਛਾਉਣੀ ਨਿਹੰਗ ਸਿੰਘਾਂ ਵਿਖੇ ਮੁਲਾਕਾਤ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਾਕਾਤ ਦੌਰਾਨ ਜਿੱਥੇ ਕੌਮ ਦੇ ਦੋਵਾਂ ਉੱਚ ਧਾਰਮਿਕ ਆਗੂਆਂ ਵੱਲੋਂ ਮੌਜੂਦਾ ਪੰਥਕ ਹਾਲਾਤਾਂ ਦੇ ਵੀਚਾਰ ਚਰਚਾ ਕੀਤੀ ਗਈ ਉੇੱਥੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ 2 ਜੂਨ ਨੂੰ ਉਨਾਂ ਦੇ ਜੱਦੀ ਪਿੰਡ ਰੋਡੇ (ਮੋਗਾ) ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਚ ਹਾਜ਼ਰੀ ਭਰਨ ਲਈ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਬਾਬਾ ਬਲਬੀਰ ਸਿੰਘ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ। ਮੁਲਾਕਾਤ ਉਪਰੰਤ ਗੱਲਬਾਤ ਕਰਦਿਆਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖ ਪੰਥ ਨੂੰ ਕਈ ਮੁਸ਼ਕਿਲਾਂ ਦਰਪੇਸ਼ ਹਨ ਤੇ ਅੱਜ ਦੀ ਮੁਲਾਕਾਤ ਦੌਰਾਨ ਉਨਾਂ ਨੇ ਬੁੱਢਾ ਦਲ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨਾਲ ਉਕਤ ਮੁਸ਼ਕਿਲਾਂ ਤੇ ਉਨਾਂ ਦੇ ਹੱਲ ਸਬੰਧੀ ਵਿਸਥਾਰਿਤ ਚਰਚਾ ਕੀਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਦੇ ਜਨਮ ਦਿਹਾੜੇ ਸਬੰਧੀ 2 ਜੂਨ ਨੂੰ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਜਿੰਨਾਂ ਚ ਪੰਥ ਦੀਆਂ ਉੱਚ ਧਾਰਮਿਕ ਸਖਸ਼ੀਅਤਾਂ ਹਾਜ਼ਰੀਆਂ ਭਰ ਰਹੀਆਂ ਹਨ ਤੇ ਅੱਜ ਬਾਬਾ ਬਲਬੀਰ ਸਿੰਘ ਨੂੰ ਵੀ ਉਨਾਂ ਸਮਾਗਮਾਂ ਚ ਹਾਜ਼ਰੀ ਭਰਨ ਸਬੰਧੀ ਰਸਮੀ ਸੱਦਾ ਪੱਤਰ ਦਿੱਤਾ ਗਿਆ ਹੈ। ਉਕਤ ਮੁਲਾਕਾਤ ਮੌਕੇ ਜਿੱਥੇ ਭਾਈ ਜਸਵੀਰ ਸਿੰਘ ਰੋਡੇ ਨਾਲ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਦੁਆਬਾ ਪੁੱਜੇ ਹੋਏ ਸਨ ਉੱਥੇ ਬੁੱਢਾ ਦਲ ਵੱਲੋਂ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਦਲੇਰ ਸਿੰਘ ਖਾਲਸਾ ਸੇਵਾਦਾਰ ਗੁ:ਬੇਰ ਸਾਹਿਬ ਵੀ ਮੌਜੂਦ ਸਨ।
