ਨਵੀਂ ਅਨਾਜ ਮੰਡੀ ਧੂਰੀ ਦੀ ਜਮੀਨ ਨੂੰ ਲੈ ਕੇ ਕਿਸਾਨਾਂ ਵੱਲੋਂ ਐੱਸ.ਡੀ.ਐੱਮ. ਨੂੰ ਮੰਗ ਪੱਤਰ, 

0

ਨਵੇਂ ਕਾਨੂੰਨ ਤਹਿਤ ਮੁਆਵਜੇ ਦੀ ਮੰਗ

ਧੂਰੀ, 27 ਅਪ੍ਰੈਲ ( ਤਰਸੇਮ ਵਰਮਾ ) :ਭਾਰਤੀ ਕਿਸਾਨ ਯੂਨੀਅਨ ਏਕਤਾ (ਅਜਾਦ) ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ, ਨਾਜਰ ਸਿੰਘ, ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਧੂਰੀ ਦੀ ਨਵੀਂ ਅਨਾਜ ਮੰਡੀ ਵਿੱਚ 17 ਪਰਿਵਾਰਾਂ ਦੀ 14 ਬਿੱਘੇ 11 ਵਿਸਵੇ ਜਮੀਨ ਦੇ ਮਾਮਲੇ ਨੂੰ ਲੈ ਕੇ ਐੱਸ.ਡੀ.ਐੱਮ ਧੂਰੀ ਮੈਡਮ ਇਸਮਤ ਵਿਜੇ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ। ਕਿਸਾਨਾਂ ਨੇ ਮੰਗ ਕੀਤੀ ਕਿ ਇਸ ਜਮੀਨ ਨੂੰ ਨਵੇਂ ਭੂਮੀ ਪ੍ਰਾਪਤੀ ਕਾਨੂੰਨ ਤਹਿਤ ਦੁਬਾਰਾ ਅਕਵਾਇਰ ਕਰਕੇ ਬਣਦਾ ਬਜਾਰੀ ਮੁਆਵਜਾ ਦਿੱਤਾ ਜਾਵੇ। ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਉਕਤ ਜਮੀਨ ਨਾਲ ਸਬੰਧਤ 17 ਘਰਾਂ ਦੇ ਹਾਲਾਤ ਬੇਹੱਦ ਨਾਜ਼ੁਕ ਹਨ। ਕਈ ਪਰਿਵਾਰ ਇੰਨੇ ਗਰੀਬ ਹਨ ਕਿ ਉਨ੍ਹਾਂ ਕੋਲ ਇਸ ਜਮੀਨ ਤੋਂ ਬਿਨ੍ਹਾਂ ਹੋਰ ਕੋਈ ਸਹਾਰਾ ਨਹੀਂ ਹੈ। ਕੁਝ ਲੋਕਾਂ ਨੇ ਆਪਣੀ ਮਾਤਾ ਦੇ ਇਲਾਜ ਲਈ ਜਮੀਨ ਵੇਚ ਦਿੱਤੀ ਸੀ, ਪਰ ਇਲਾਜ ਦੇ ਬਾਵਜੂਦ ਉਹ ਨਾ ਬਚ ਸਕੇ ਅਤੇ ਹੁਣ ਪਰਿਵਾਰ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੇ ਹਨ। ਜਮੀਨ ਮਾਲਕਾਂ ਦਾ ਕਹਿਣਾ ਹੈ ਕਿ ਉਹ 1978 ਤੋਂ ਕਾਨੂੰਨੀ ਲੜਾਈ ਲੜ ਰਹੇ ਹਨ ਅਤੇ ਹੁਣ ਵਕੀਲਾਂ ਦੀਆਂ ਫੀਸਾਂ ਦੇਣ ਤੋਂ ਵੀ ਅਸਮਰੱਥ ਹਨ।

ਕਿਸਾਨਾਂ ਅਨੁਸਾਰ ਪੰਜਾਬ ਸਰਕਾਰ ਨੇ 1987 ਵਿੱਚ ਇਹ ਜਮੀਨ ਅਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿਰੁੱਧ ਹਾਈਕੋਰਟ ਨੇ ਸਟੇਅ ਦਿੱਤਾ ਸੀ। ਸਾਲ 2013 ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਦੀ ਧਾਰਾ 24 (2) ਤਹਿਤ ਪੁਰਾਣਾ ਐਵਾਰਡ ਖਤਮ ਹੋ ਚੁੱਕਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਅਧਿਕਾਰੀਆਂ ਨੇ 2015 ਵਿੱਚ ਪੁਲਿਸ ਫੋਰਸ ਦੀ ਮਦਦ ਨਾਲ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇੱਕ ਪਰਿਵਾਰਕ ਮੈਂਬਰ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਵੀ ਕਰ ਲਈ ਸੀ। ਕਿਸਾਨਾਂ ਨੇ ਦੱਸਿਆ ਕਿ ਅਨਾਜ ਮੰਡੀ ਦੇ ਪੱਕੇ ਫੜ੍ਹ ਦੇ ਵਿਚਕਾਰ ਉਨ੍ਹਾਂ ਦੀ ਜਮੀਨ ਦੇ 6 ਟੁਕੜੇ ਅਜੇ ਵੀ ਕੱਚੇ ਪਏ ਹਨ, ਜਿਸ ਕਾਰਨ ਨਾ ਸਰਕਾਰ ਨੂੰ ਲਾਭ ਹੋ ਰਿਹਾ ਹੈ ਅਤੇ ਨਾ ਹੀ ਕਿਸਾਨਾਂ ਨੂੰ। ਪੀੜਤਾਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਸਰਕਾਰ ਨਵੇਂ ਕਾਨੂੰਨ ਮੁਤਾਬਕ ਮੌਜੂਦਾ ਰੇਟ ਤੇ ਮੁਆਵਜਾ ਦੇਵੇ ਜਾਂ ਫਿਰ ਉਨ੍ਹਾਂ ਦੀ ਜਮੀਨ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ।

Leave a Reply

Your email address will not be published. Required fields are marked *