ਬੁਰਜ ਸੇਮਾ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ

0
Oplus_16908288

(ਮਿੱਟੀ ਅਤੇ ਪਾਣੀ ਪਰਖ ਦੀ ਰਿਪੋਰਟ ਮੁਤਾਬਕ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ)

ਤਲਵੰਡੀ ਸਾਬੋ, 21 ਮਈ (ਗੁਰਜੰਟ ਸਿੰਘ ਨਥੇਹਾ)- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖਲਾਈ ਅਫਸਰ, ਬਠਿੰਡਾ ਦੀ ਅਗਵਾਈ ‘ਚ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਬੁਰਜ ਸੇਮਾ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਜਸਵਿੰਦਰ ਕੌਰ ਏਡੀਓ (ਟ੍ਰੇਨਿੰਗ) ਬਠਿੰਡਾ ਨੇ ਖੇਤੀ ਵਿਭਿੰਨਤਾ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨਾਲ ਨਰਮੇ ਤੇ ਕਪਾਹ ਦੀ ਬਿਜਾਈ ਲਈ ਵਿਚਾਰ ਸਾਂਝੇ ਕੀਤੇ। ਨਰਮੇ ਦੀ ਸੁਚੱਜੀ ਕਾਸ਼ਤ ਲਈ ਖੇਤਾਂ ਨੂੰ ਡੂੰਘਾ ਵਾਹੁਣ ਅਤੇ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਲਾਉਣ ਬਾਰੇ ਦੱਸਿਆ। ਚਿੱਟੀ ਮੱਖੀ ਤੇ ਰਸ ਚੂਸਕ ਕੀੜਿਆਂ ਦੇ ਹਮਲੇ ਤੋਂ ਬਚਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ ਅਤੇ ਪੱਤਾ ਮਰੋੜ ਬਿਮਾਰੀ ਦੇ ਬਦਲਵੇਂ ਨਦੀਨ : ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਧਤੂਰਾ ਤੇ ਭੰਗ ਆਦਿ ਨੂੰ ਨਸ਼ਟ ਕਰ ਦਿਓ। ਇਸ ਤੋਂ ਇਲਾਵਾ ਕੱਦੂ ਜਾਤੀ ਦੀਆਂ ਸਬਜ਼ੀਆਂ, ਬੈਂਗਣ, ਮਿਰਚਾਂ, ਟਮਾਟਰ, ਭਿੰਡੀ, ਮੂੰਗੀ ਆਦਿ ਨੂੰ ਨਰਮੇ ਦੇ ਖੇਤ ਨੇੜੇ ਬਿਜਾਈ ਕਰਨ ਤੋਂ ਗਰੇਜ ਕੀਤਾ ਜਾਵੇ। ਗੁਲਾਬੀ ਸੁੰਡੀ ਦੇ ਸਰਵੇਖਣ, ਹਮਲੇ ਤੇ ਰੋਕਥਾਮ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ। ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜ ਤੇ ਮਿਲ ਰਹੀ 33% ਸਬਸਿਡੀ ਬਾਰੇ ਦੱਸਿਆ ਅਤੇ ਨਵੀਂ ਰਿਲੀਜ਼ ਹੋਈ ਦੇਸੀ ਕਪਾਹ ਦੀ ਕਿਸਮ ਪੀਬੀਡੀ 88 ਦੀ ਬਿਜਾਈ ਕਰਨ ਦੀ ਸਲਾਹ ਦਿੱਤੀ। ਇਸ ਕੈਂਪ ਦੌਰਾਨ ਡਾ. ਯਾਦਵੀਰ ਕੌਰ ਏਡੀਓ (ਡਿਮਾਂਸਟਰੇਟਰ ਅਫਸਰ ਬਠਿੰਡਾ) ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਦੱਸਦਿਆਂ ਹੋਇਆਂ ਨਮੂਨੇ ਲੈਣ ਦੇ ਢੰਗ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਮਿੱਟੀ ਅਤੇ ਪਾਣੀ ਪਰਖ ਦੀ ਰਿਪੋਰਟ ਦੇ ਹਿਸਾਬ ਨਾਲ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਜੈਵਿਕ ਖਾਦਾਂ ਜਿਵੇਂ ਕਿ ਗਲੀ ਸੜੀ ਰੂੜੀ ਖਾਦ, ਹਰੀਆਂ ਖਾਦਾਂ ਮਿੱਟੀ ਵਿੱਚ ਵਾਹੁਣ ਬਾਰੇ ਕਿਹਾ। ਡਾ. ਯਾਦਵੀਰ ਨੇ ਕਿਸਾਨਾਂ ਨੂੰ ਝੋਨੇ ਦੀ ਨਵੀਂ ਆਈ ਕਿਸਮ ਪੀਆਰ-133 ਸਬੰਧੀ ਕੈਂਪ ਵਿੱਚ ਚਾਨਣਾ ਪਾਇਆ ਗਿਆ। ਉਨ੍ਹਾਂ ਝੋਨੇ ਦੀ ਪਨੀਰੀ ਦੀ ਬਿਜਾਈ ਦੇ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦੇ ਢੰਗ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪਨੀਰੀ ਵਿਰਲੀ ਹਰੀ ਜਾਂ ਪੀਲੀ ਹੋਣ ਤੇ ਮਧਰੇਪਣ ਦੇ ਰੋਗ ਦੇ ਕਾਰਨਾਂ ਅਤੇ ਰੋਕਥਾਮ ਬਾਰੇ ਦੱਸਿਆ। ਡਾ. ਹਰਦੀਪ ਸਿੰਘ, ਵਿਸ਼ਾ ਵਸਤੂ ਮਾਹਰ, ਬਠਿੰਡਾ ਨੇ ਝੋਨੇ ਵਿੱਚ ਖਾਦਾਂ ਦੀ ਸੰਤੁਲਿਤ ਵਰਤੋ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨਾਂ ਨੇ ਝੋਨੇ ਵਿੱਚ ਯੂਰੀਏ ਦੀ ਬਿਜਾਈ ਦੀ ਨਿਖੇਧੀ ਕਰਦਿਆਂ ਯੂਰੀਏ ਨੂੰ ਤਿੰਨ ਵਾਰੀਆਂ ਚ ਵੰਡ ਕੇ ਪਾਉਣ ਬਾਰੇ ਕਿਹਾ। ਡਾ. ਹਰਦੀਪ ਨੇ ਪਕਾਵੀਂ ਮੱਕੀ ਦੇ ਬਿਜਾਈ ਦੇ ਸਮੇਂ ਅਤੇ ਢੰਗ ਬਾਰੇ, ਸਿਫਾਰਿਸ਼ ਖਾਦਾਂ ਬਾਰੇ, ਨਦੀਨਾਂ ਦੀ ਰੋਕਥਾਮ ਅਤੇ ਫਾਲ ਆਰਮੀਵਰਮ ਦੀ ਪਹਿਛਾਣ ਅਤੇ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ ਹਰਦੀਪ ਨੇ ਕਿਸਾਨਾਂ ਨੂੰ ਵਿਭਾਗ ਅਧੀਨ ਚਾਲ ਰਹੀਆਂ ਸਕੀਮਾਂ ਅਤੇ ਪਕਾਵੀਂ ਮੱਕੀ, ਸਿੱਧੀ ਬਿਜਾਈ ਦੀ ਸਰਕਾਰ ਵੱਲੋਂ ਮਿਲ ਰਹੀ ਸਬਸਿਡੀ ਅਤੇ ਆਨਲਾਈਨ ਰਜਿਸਟਰੇਸ਼ਨ ਬਾਰੇ ਦੱਸਿਆ।ਡਾ. ਸਿਮਰਨਜੀਤ ਕੌਰ ਏਡੀਓ ਨੇ ਐਗਰੀ ਸਟੈਕ ਤੇ ਫਾਰਮਰ ਆਈਡੀ ਬਣਾਉਣ ਅਤੇ ਇਸ ਦੀ ਮਹੱਤਤਾ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦਾ ਕੈਂਪ ਵਿੱਚ ਆਉਣ ‘ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *

You may have missed