ਆਉਂਦੇ ਮਾਨਸੂਨ ਸੀਜਨ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ ਪੂਰਬ ਨੂੰ ਸਮਰਪਿਤ ਹੋ ਕੇ ਜ਼ਿਲ੍ਹੇ ਵਿੱਚ 6.50 ਲੱਖ ਰੁੱਖ ਲਗਾਏ ਜਾਣਗੇ- ਵਿਰਾਜ ਐਸ. ਤਿੜਕੇ

0

ਮਾਲੇਰਕੋਟਲਾ –  ( ਮੁਨਸ਼ੀ ਫ਼ਾਰੂਕ)   ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਆਉਂਦੇ ਮਾਨਸੂਨ ਸੀਜ਼ਨ ਦੌਰਾਨ 6.50 ਲੱਖ ਰੁੱਖ ਲਗਾਉਣ ਦਾ ਵਿਸ਼ਾਲ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਵੱਖ-ਵੱਖ ਐਨ.ਜੀ.ਓਜ਼ ਨਾਲ ਮੀਟਿੰਗ ਕਰਕੇ ਇਸ ਮਹੱਤਵਪੂਰਨ ਮੁਹਿੰਮ ਦੀ ਰੂਪ-ਰੇਖਾ ਤਿਆਰ ਕੀਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਜ਼ਿਲਾ ਜੰਗਲਾਤ ਅਫਸਰ ਕੌਸ਼ਲ ਕਿਸ਼ੋਰ, ਫੰਕਸ਼ਨ ਮੈਨੇਜਰ ਪਰਨੀਤ ਕੌਰ,ਐਨ.ਜੀ.ਓ ਅਲਮਾਇਟੀ ਤੋਂ ਮੁਹੰਮਦ ਅਸ਼ਰਫ,ਐਨ.ਜੀ.ਓ ਹੈਲਥ ਅਤੇ ਐਜੂਕੇਸ਼ਨ ਤੋਂ ਮੁਹੰਮਦ ਸ਼ਫੀਕ,ਐਨ.ਜੀ.ਓ ਲਾਇਫ ਲਾਇਨ ਤੋਂ ਹੁਸ਼ਿਆਰ ਸਿੰਘ, ਐਨ.ਜੀ.ਓ  ਮੌਲਾਨਾ ਅਜਾਦ ਤੋਂ ਮੁਹੰਮਦ ਤਾਹਿਰ, ਐਨ.ਜੀ.ਓ ਸੋਕਰ ਕੋਚਿੰਗ ਸੈਂਟਰ ਅਤੇ ਵੈਲਫੇਅਰ ਸੁਸਾਇਟੀ ਤੋਂ ਅਬਦੁੱਲ ਹਮੀਦ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਦਾ ਮਨੁੱਖਤਾ, ਸੇਵਾ ਅਤੇ ਪ੍ਰਕਿਰਤੀ ਨਾਲ ਸਾਂਝ ਦਾ ਸੰਦੇਸ਼ ਦਿੱਤਾ ਹੈ। ਇਨ੍ਹਾਂ ਉੱਚੇ ਆਦਰਸ਼ਾਂ ਨੂੰ ਅਪਣਾਉਂਦਿਆਂ ਰੁੱਖ ਲਗਾਉਣ ਦੀ ਇਹ ਮੁਹਿੰਮ ਸਿਰਫ਼ ਵਾਤਾਵਰਣ ਸੰਭਾਲ ਦਾ ਉਪਰਾਲਾ ਨਹੀਂ, ਸਗੋਂ ਇੱਕ ਆਤਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਉਹ ਸਾਂਝੀਆਂ ਥਾਵਾਂ ’ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਪਵਿੱਤਰ ਅਭਿਆਨ ਦਾ ਹਿੱਸਾ ਬਣਨ।

            ਉਨ੍ਹਾਂ ਦੱਸਿਆ ਕਿ ਬੀ.ਡੀ.ਪੀ.ਓਜ਼ ਦੀ ਦੇਖ-ਰੇਖ ਹੇਠ ਤਿੰਨ ਬਲਾਕਾਂ ਵਿੱਚ “ਸ੍ਰੀ ਗੁਰੂ ਰਵਿਦਾਸ ਬਗ਼ੀਚੀਆਂ” ਵਿਕਸਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਲਈ ਪੰਚਾਇਤੀ ਜ਼ਮੀਨਾਂ ਦੀ ਸ਼ਨਾਖ਼ਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਸਰਕਾਰੀ ਸਕੂਲਾਂ ਵਿੱਚ ਵੀ ਵੱਡੇ ਪੱਧਰ ’ਤੇ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਪੌਦੇ ਮੁਹੱਈਆ ਕਰਵਾਏ ਜਾਣਗੇ, ਜਦਕਿ ਸਿੱਖਿਆ ਵਿਭਾਗ, ਪੰਚਾਇਤੀ ਰਾਜ ਅਤੇ ਲੋਕ ਨਿਰਮਾਣ ਵਿਭਾਗ,ਉਦਯੋਗਿਕ ਵਿਭਾਗ ਆਦਿ ਆਪਣੇ-ਆਪਣੇ ਅਧੀਨ ਖੇਤਰਾਂ ਵਿੱਚ ਪੌਦੇ ਲਗਾ ਕੇ ਇਸ ਮੁਹਿੰਮ ਨੂੰ ਮਜ਼ਬੂਤ ਬਣਾਉਣਗੇ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਇਸ ਅਭਿਆਨ ਨੂੰ ਲੋਕ ਅੰਦੋਲਨ ਬਣਾਉਣ ਦੇ ਨਿਰਦੇਸ਼ ਦਿੱਤੇ।
              ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਮਿਲ ਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਰੁੱਖ ਲਗਾ ਕੇ ਮਨਾਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਛੱਡੀਏ। ਇਹ ਮੁਹਿੰਮ ਸਿਰਫ਼ ਪ੍ਰਕਿਰਤੀ ਦੀ ਸੇਵਾ ਨਹੀਂ, ਸਗੋਂ ਸਾਡੀ ਸੰਸਕ੍ਰਿਤਿਕ ਅਤੇ ਆਧਿਆਤਮਿਕ ਵਿਰਾਸਤ ਨਾਲ ਜੁੜਿਆ ਇਕ ਮਹਾਨ ਯਤਨ ਹੈ।

Leave a Reply

Your email address will not be published. Required fields are marked *