ਡਬਲ ਡੈਕਰ ਬੱਸ ਨੂੰ ਲੱਗੀ ਭਿਆਨਕ ਅੱਗ, 26 ਸਵਾਰੀਆਂ ਦੀ ਜਾਨ ਬਚੀ

ਡਬਲ ਡੈਕਰ ਬੱਸ ਨੂੰ ਲੱਗੀ ਭਿਆਨਕ ਅੱਗ...
ਮੇਰਠ: ਜੈਪੁਰ ਤੋਂ ਹਰਿਦੁਆਰ ਜਾ ਰਹੀ ਰਾਜਸਥਾਨ ਰੋਡਵੇਜ਼ ਦੀ ਇੱਕ ਡਬਲ ਡੈਕਰ ਬੱਸ ਨੂੰ ਮੇਰਠ ਦੇ ਦੌਰਾਲਾ ਖੇਤਰ ਵਿੱਚ ਦੂਨ ਹਾਈਵੇਅ ‘ਤੇ ਅਚਾਨਕ ਅੱਗ ਲੱਗ ਗਈ। ਡਰਾਈਵਰ ਅਤੇ ਕੰਡਕਟਰ ਦੀ ਸੂਝ-ਬੂਝ ਕਾਰਨ ਬੱਸ ਵਿੱਚ ਸਵਾਰ ਇੱਕ ਬੱਚੇ ਸਮੇਤ ਸਾਰੀਆਂ 26 ਸਵਾਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।
ਜਾਣਕਾਰੀ ਅਨੁਸਾਰ ਬੱਸ ਜਿਵੇਂ ਹੀ ਦਾਦਰੀ ਪਿੰਡ ਨੇੜੇ ਪਹੁੰਚੀ ਤਾਂ ਡਰਾਈਵਰ ਰਾਜੇਂਦਰ ਨੇ ਇੰਜਣ ਵਾਲੇ ਹਿੱਸੇ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਤੁਰੰਤ ਬੱਸ ਨੂੰ ਸੜਕ ਕਿਨਾਰੇ ਰੋਕ ਦਿੱਤਾ। ਜਦੋਂ ਡਰਾਈਵਰ ਅਤੇ ਕੰਡਕਟਰ ਨੇ ਜਾਂਚ ਕੀਤੀ ਤਾਂ ਇੰਜਣ ਵਿੱਚ ਅੱਗ ਲੱਗ ਚੁੱਕੀ ਸੀ। ਦੋਵਾਂ ਨੇ ਤੁਰੰਤ ਸਵਾਰੀਆਂ ਨੂੰ ਚੇਤਾਵਨੀ ਦੇ ਕੇ ਬੱਸ ਵਿੱਚੋਂ ਹੇਠਾਂ ਉਤਾਰ ਦਿੱਤਾ। ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸੂਚਨਾ ਮਿਲਣ ‘ਤੇ ਮੇਰਠ ਤੋਂ ਚਾਰ ਅਤੇ ਮੁਜ਼ੱਫਰਨਗਰ ਤੋਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਲੋਹੇ ਦੇ ਢਾਂਚੇ ਵਿੱਚ ਤਬਦੀਲ ਹੋ ਚੁੱਕੀ ਸੀ। ਇਸ ਦੌਰਾਨ ਹਾਈਵੇਅ ‘ਤੇ ਲੱਗੇ ਜਾਮ ਨੂੰ ਪੁਲਿਸ ਨੇ ਬਾਅਦ ਵਿੱਚ ਖੁਲਵਾਇਆ।
ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੁਲਿਸ ਅਤੇ ਫਾਇਰ ਵਿਭਾਗ ਨੇ ਦੱਸਿਆ ਕਿ ਸਾਰੀਆਂ 26 ਸਵਾਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹੋਰ ਵਾਹਨਾਂ ਰਾਹੀਂ ਮੰਜ਼ਿਲ ਵੱਲ ਭੇਜ ਦਿੱਤਾ ਗਿਆ।
