ਵਾਰਡ ਨੰਬਰ 22 ‘ਚ ਕਾਂਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ, ਰੁਪਿੰਦਰ ਸਿੰਘ ਧੱਤੂ ਦੇ ਚੋਣ ਦਫ਼ਤਰ ਦਾ ਉਦਘਾਟਨ

ਫਤਿਹਗੜ੍ਹ ਸਾਹਿਬ, : (ਰਾਜਿੰਦਰ ਸਿੰਘ ਭੱਟ ,ਦਵਿੰਦਰ ਸਿੰਘ ਖਰੋੜੀ)- ਸਰਹਿੰਦ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 22 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਧੱਤੂ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਪੁਰਾਣੀ ਪੁਲਿਸ ਲਾਈਨ, ਸਰਹਿੰਦ ਵਿਖੇ ਹੋਏ ਇਸ ਸਮਾਗਮ ਵਿੱਚ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਇਲਾਕੇ ਦੇ ਵੱਡੀ ਗਿਣਤੀ ਵਿੱਚ ਵਰਕਰਾਂ, ਮਹਿਲਾਵਾਂ, ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਲਗਾ ਕੇ ਕਾਂਗਰਸ ਪਾਰਟੀ ਨੂੰ ਭਰਵਾਂ ਸਮਰਥਨ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਸਰਹਿੰਦ ਸ਼ਹਿਰ ਵਿੱਚ ਕਈ ਇਤਿਹਾਸਕ ਵਿਕਾਸ ਕਾਰਜ ਕਰਵਾਏ ਹਨ। ਨਾਗਰਾ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨੋਂ-ਦਿਨ ਖਰਾਬ ਹੋ ਰਹੀ ਹੈ, ਨਸ਼ੇ ਦੀ ਸਮੱਸਿਆ ਮੁੜ ਵਧ ਰਹੀ ਹੈ ਅਤੇ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ ਅਤੇ ਲੋਕ ਮੁੜ ਕਾਂਗਰਸ ਪਾਰਟੀ ਵੱਲ ਆਸ ਭਰੀ ਨਿਗਾਹ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 22 ਦੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ, ਬਿਹਤਰ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਕਾਂਗਰਸ ਪਾਰਟੀ ਦੀ ਪਹਿਲ ਰਹੇਗੀ। ਨਾਗਰਾ ਨੇ ਕਿਹਾ ਕਿ ਰੁਪਿੰਦਰ ਸਿੰਘ ਧੱਤੂ ਇੱਕ ਮਿਹਨਤੀ ਅਤੇ ਜ਼ਮੀਨੀ ਪੱਧਰ ਦੇ ਆਗੂ ਹਨ, ਜੋ ਹਰ ਸਮੇਂ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਦੇ ਹਨ ਅਤੇ ਵਾਰਡ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਵਾਰਡ ਨੰਬਰ 22 ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਧੱਤੂ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ ਤਾਂ ਜੋ ਵਾਰਡ ਅਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਦਿਲਬਾਗ ਸਿੰਘ ਸੈਰੀ, ਮੋਹਿਤ ਸੇਠ, ਪਲਵਿੰਦਰ ਪਵਲਾ, ਬਨੀ ਸਿੰਗਲਾ, ਸੰਤੋਖ ਸਿੰਘ, ਰਾਜੇਸ਼ ਕੁਮਾਰ, ਜਗਦੀਪ ਸਿੰਘ ਨੰਬਰਦਾਰ, ਗੁਰਭੇਜ ਸਿੰਘ ਰਾਏ, ਸੋਨੂੰ ਨਾਗਰਾ, ਸੰਜੂ ਰੁੜਕੀ, ਸੂਬੇਦਾਰ ਸਿੰਘ, ਪਵਨ ਕੁਮਾਰ, ਪ੍ਰਿਤਪਾਲ ਸਿੰਘ, ਸ਼ਿਵ ਕੁਮਾਰ, ਪਰਮਜੀਤ ਸਿੰਘ, ਸੁਰਮੁੱਖ ਸਿੰਘ ਅਤੇ ਪਿੰਟੂ ਸਰਹਿੰਦ ਸਮੇਤ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ।
