ਮੁੱਖ ਮੰਤਰੀ ਮਾਨ ਮਾਫੀ ਮੰਗਣ ਜਾਂ ਸਬੂਤ ਦੇਣ !

ਭਾਜਪਾ ਆਗੂ ਤਰੁਣ ਚੁੱਘ ਨੇ ਭੇਜਿਆ ਕਾਨੂੰਨੀ ਨੋਟਿਸ
ਚੰਡੀਗੜ੍ਹ, 7 ਮਈ (ਦੁਰਗੇਸ਼ ਗਾਜਰੀ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ‘ਤੇ ਲਾਏ ਗਏ ਬੇਬੁਨਿਆਦ ਇਲਜ਼ਾਮਾਂ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੱਤਾ ਹੈ। ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਹਾਲ ਹੀ ਵਿੱਚ ਹੋਏ ਧਮਾਕਿਆਂ ਲਈ ਭਾਜਪਾ ‘ਤੇ ਦੋਸ਼ ਲਗਾਉਣ ਵਾਲੇ ਬਿਆਨ ਦੇ ਸਬੰਧ ਵਿੱਚ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਚੁੱਘ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ਦੀ ਮਰਯਾਦਾ ਨੂੰ ਛਿੱਕੇ ਟੰਗਦਿਆਂ, ਬਿਨਾਂ ਕਿਸੇ ਸਬੂਤ ਦੇ ਦੇਸ਼ ਦੀ ਸਭ ਤੋਂ ਵੱਡੀ ਲੋਕਤੰਤਰੀ ਪਾਰਟੀ ‘ਤੇ ਬੰਬ ਧਮਾਕਿਆਂ ਦਾ ਇਲਜ਼ਾਮ ਲਾ ਕੇ ਆਪਣੀ ਸਿਆਸੀ ਮਾਨਸਿਕਤਾ ਦਾ ਦੀਵਾਲੀਆਪਨ ਜ਼ਾਹਿਰ ਕੀਤਾ ਹੈ। ਤਰੁਣ ਚੁੱਘ ਨੇ ਸਵਾਲ ਕੀਤਾ ਕਿ ਜਿੱਥੇ ਪੰਜਾਬ ਪੁਲਿਸ ਦੇ ਡੀਜੀਪੀ ਬੰਬ ਧਮਾਕਿਆਂ ਪਿੱਛੇ ਆਈਐਸਆਈ ਅਤੇ ਵਿਦੇਸ਼ੀ ਨੈੱਟਵਰਕ ਦੀ ਗੱਲ ਕਰ ਰਹੇ ਹਨ, ਉੱਥੇ ਮੁੱਖ ਮੰਤਰੀ ਕਿਸ ਆਧਾਰ ‘ਤੇ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ? ਕੀ ਭਗਵੰਤ ਮਾਨ ਆਪਣੇ ਸਿਆਸੀ ਏਜੰਡੇ ਲਈ ਦੇਸ਼ ਵਿਰੋਧੀ ਤਾਕਤਾਂ ਨੂੰ ‘ਸਿਆਸੀ ਕਵਰ’ ਦੇ ਰਹੇ ਹਨ? ਅੱਜ ਜਦੋਂ ਪੂਰਾ ਦੇਸ਼ ‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ‘ਤੇ ਭਾਰਤੀ ਫੌਜ ਦੇ ਸ਼ੌਰਿਆ ਨੂੰ ਸਲਾਮ ਕਰ ਰਿਹਾ ਹੈ, ਅਜਿਹੇ ਪਵਿੱਤਰ ਦਿਨ ‘ਤੇ ਮੁੱਖ ਮੰਤਰੀ ਵੱਲੋਂ ਲਾਏ ਗਏ ਇਹ ਗੰਦੇ ਇਲਜ਼ਾਮ ਕਰੋੜਾਂ ਦੇਸ਼ ਵਾਸੀਆਂ ਦੇ ਫਤਵੇ ਅਤੇ ਵਿਸ਼ਵਾਸ ਦੀ ਬੇਅਦਬੀ ਹੈ। ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਭਗਵੰਤ ਮਾਨ ਨੂੰ ਆਪਣੇ ਇਲਜ਼ਾਮਾਂ ਦੇ ਸਬੂਤ ਜਨਤਕ ਕਰਨੇ ਪੈਣਗੇ। ਜੇਕਰ ਉਹ 7 ਦਿਨਾਂ ਦੇ ਅੰਦਰ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਖਿਲਾਫ ਅਪਰਾਧਿਕ ਮਾਣਹਾਨੀ ਅਤੇ ਜਨਤਕ ਅਸ਼ਾਂਤੀ ਭੜਕਾਉਣ ਦੇ ਸਬੰਧ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੁੱਘ ਨੇ ਕਿਹਾ ਕਿ ਅੱਜ ਪੰਜਾਬ ਨਸ਼ਿਆਂ, ਗੈਂਗਸਟਰ ਕਲਚਰ ਅਤੇ ਆਰਥਿਕ ਕੰਗਾਲੀ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਆਪਣੀ ਪ੍ਰਸ਼ਾਸਨਿਕ ਨਾਕਾਮੀ ਨੂੰ ਛੁਪਾਉਣ ਲਈ ਮੁੱਖ ਮੰਤਰੀ ‘ਡਰਾਮੇਬਾਜ਼ੀ’ ਦਾ ਸਹਾਰਾ ਲੈ ਰਹੇ ਹਨ। ਭਗਵੰਤ ਮਾਨ ਜੀ, ਪੰਜਾਬ ਨੂੰ ਡਰਾਮੇਬਾਜ਼ੀ ਨਹੀਂ, ਜ਼ਿੰਮੇਵਾਰ ਸ਼ਾਸਨ ਚਾਹੀਦਾ ਹੈ। ਤੁਹਾਡੇ ਇਹ ਗੈਰ-ਜ਼ਿੰਮੇਵਾਰਾਨਾ ਬਿਆਨ ਪੰਜਾਬ ਦੀ ਸ਼ਾਂਤੀ ਭੰਗ ਕਰ ਸਕਦੇ ਹਨ। ਸਿਆਸੀ ਲਾਭ ਲਈ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰਨਾ ਬੰਦ ਕਰੋ।”
