ਸੀ.ਬੀ.ਆਈ. ਅਦਾਲਤ ’ਚ ਰੀਡਰ ਰਾਣਾ ਵੱਲੋਂ ਪੇਸ਼ ਤੱਥ ਨਹੀਂ ਕਰ ਸਕੇ ਬਚਾਅ

ਸੁਣਵਾਈ ਮਗਰੋਂ ਓ.ਪੀ. ਰਾਣਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ
ਚੰਡੀਗੜ੍ਹ, 23 ਮਈ (ਦੁਰਗੇਸ਼ ਗਾਜਰੀ) : ਸੀਬੀਆਈ ਦੇ ਜਾਲ ’ਚ ਫਸੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁਖੀ ਦੇ ਰੀਡਰ ਓ ਪੀ ਰਾਣਾ ਵੱਲੋਂ ਆਪਣੇ ਬਚਾਅ ਲਈ ਕੀਤੀ ਪੇਸ਼ਕਾਰੀ ਦਾ ਅੰਸ਼ ਹੈ। ਸੀ ਬੀ ਆਈ ਅਦਾਲਤ ’ਚ ਰੀਡਰ ਰਾਣਾ ਤਰਫ਼ੋਂ ਜੋ ਦਲੀਲਾਂ ਪੇਸ਼ ਹੋਈਆਂ ਹਨ, ਉਨ੍ਹਾਂ ਦਾ ਅਧਾਰ ‘ਫੁੱਲ ਤੇ ਤੋਹਫ਼ਾ’ ਬਣੇ ਹਨ। ਹਾਲਾਂਕਿ ਰੀਡਰ ਰਾਣਾ ਨੂੰ ਇਹ ਤਰਕ ਅਦਾਲਤ ਚੋਂ ਅਗਾਊਂ ਜ਼ਮਾਨਤ ਤਾਂ ਨਹੀਂ ਦਿਵਾ ਸਕੇ ਪਰ ਰੀਡਰ ਰਾਣਾ ਨੇ ਸੀ ਬੀ ਆਈ ਦੀ ਮਾਰ ਤੋਂ ਬਚਣ ਲਈ ਇੱਕ ਨਵੀਂ ਤਫ਼ਸੀਲ ਅਦਾਲਤ ’ਚ ਪੇਸ਼ ਕੀਤੀ। ਬਚਾਅ ਪੱਖ ਤਰਫ਼ੋਂ ਅਦਾਲਤ ’ਚ ਤਰਕ ਦਿੱਤਾ ਗਿਆ ਕਿ ਜਿਸ ਸਮੇਂ 11 ਮਈ ਨੂੰ ਸੀ ਬੀ ਆਈ ਨੇ ਮਲੋਟ ਦੇ ਪਿਉ ਪੁੱਤ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਜੇ.ਡਬਲਿਊ. ਮੈਰੀਐਟ ਹੋਟਲ ’ਚ 13 ਲੱਖ ਰੁਪਏ ਦੀ ਨਗਦੀ ਤੇ ਮੋਬਾਈਲ ਫ਼ੋਨ ਸਮੇਤ ਦਬੋਚਿਆ ਸੀ ਤਾਂ ਉਸ ਵਕਤ ਰੀਡਰ ਰਾਣਾ ‘ਸ਼ਾਮ ਫ਼ੈਸ਼ਨ ਮਾਲ’ ’ਚ ਖ਼ਰੀਦਦਾਰੀ (ਤੋਹਫ਼ਾ) ਕਰ ਰਿਹਾ ਸੀ ਅਤੇ ਫੁੱਲਾਂ ਵਾਲੀ ਦੁਕਾਨ ਤੋਂ ਫੁੱਲ ਖ਼ਰੀਦ ਰਿਹਾ ਸੀ। ਫੁੱਲ ਤੇ ਤੋਹਫ਼ੇ ਦੀ ਖ਼ਰੀਦਦਾਰੀ ਮਗਰੋਂ ਰੀਡਰ ਰਾਣਾ ਨੇ ਸੈਕਟਰ-7 ਦੇ ਹੋਟਲ ਮਾਲੇਸ਼ਵਰਮ ’ਚ ਇੱਕ ਰਿਸ਼ਤੇਦਾਰ ਦੀ ਜਨਮ ਦਿਨ ਪਾਰਟੀ ’ਚ ਸ਼ਾਮਲ ਹੋਣਾ ਸੀ। ਰਾਣਾ ਦੇ ਵਕੀਲਾਂ ਨੇ ਅਦਾਲਤ ’ਚ ਫੁੱਲਾਂ ਵਾਲੀ ਦੁਕਾਨ ਦੀ ਵੀਡੀਓ ਵੀ ਮੌਜੂਦ ਹੋਣ ਦੀ ਗੱਲ ਆਖੀ ਅਤੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਡਰ ’ਚ ਭੱਜ ਰਿਹਾ ਹੋਵੇਗਾ ਤਾਂ ਉਹ ਇੰਨੇ ਆਰਾਮ ਨਾਲ ਖ਼ਰੀਦਦਾਰੀ ਕਿਵੇਂ ਕਰੇਗਾ। ਅਦਾਲਤ ’ਚ ‘ਸ਼ਾਮ ਫ਼ੈਸ਼ਨ ਮਾਲ’ ਦਾ ਬਿੱਲ ਵੀ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਸੀ ਬੀ ਆਈ ਟੀਮ ਨੇ ਮੈਰੀਅਟ ਹੋਟਲ ’ਚ ਟਰੈਪ ਮਗਰੋਂ ਰੀਡਰ ਰਾਣਾ ਦੇ ਸੈਕਟਰ 23-ਡੀ ਵਿਚਲੇ ਘਰ ’ਚ ਵੀ ਛਾਪੇਮਾਰੀ ਕੀਤੀ ਸੀ। ਰਾਣਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਬਹਿਸ ਮੌਕੇ ਸੀ ਬੀ ਆਈ ਨੇ ਦਲੀਲ ਦਿੱਤੀ ਕਿ ਜਿਸ ‘ਸ਼ਾਮ ਫ਼ੈਸ਼ਨ ਮਾਲ’ ’ਚ ਰੀਡਰ ਰਾਣਾ ਵੱਲੋਂ ਖ਼ਰੀਦਦਾਰੀ ਕੀਤੇ ਜਾਣ ਦੀ ਗੱਲ ਕਹੀ ਗਈ ਹੈ, ਉਹ ਫ਼ੈਸ਼ਨ ਮਾਲ ਹੋਟਲ ਮੈਰੀਅਟ ਦੇ ਬਿਲਕੁਲ ਨੇੜੇ ਹੈ ਜਿੱਥੇ ਟਰੈਪ ਲਾਇਆ ਗਿਆ ਸੀ। ਕਹਿਣ ਦਾ ਭਾਵ ਕਿ ਇਹ ਭੂਗੋਲਿਕ ਸਥਿਤੀ ਸਾਬਤ ਕਰਦੀ ਹੈ ਕਿ ਰਾਣਾ ਘਟਨਾ ਮੌਕੇ ਆਸ ਪਾਸ ਸੀ ਅਤੇ ਟਰੈਪ ਦੀ ਕਾਰਵਾਈ ਦਾ ਪਤਾ ਲੱਗਦੇ ਫ਼ਰਾਰ ਹੋ ਗਿਆ। ਅਦਾਲਤ ਨੇ ਫ਼ੈਸਲੇ ’ਚ ਕਿਹਾ ਕਿ ਸ਼ਾਮ ਫ਼ੈਸ਼ਨ ਮਾਲ ਦਾ ਬਿੱਲ ਰਾਣਾ ਦੇ ਨਾਮ ’ਤੇ ਨਹੀਂ ਸੀ। ਸੀ ਬੀ ਆਈ ਨੇ ਪੱਖ ਪੇਸ਼ ਕੀਤਾ ਕਿ ਟੀਮ ਜਦੋਂ ਰਾਣਾ ਦੀ ਰਿਹਾਇਸ਼ ’ਤੇ ਗਈ ਸੀ ਤਾਂ ਉਸ ਮੌਕੇ ਗਵਾਹਾਂ ਦੀ ਮੌਜੂਦਗੀ ’ਚ ਰਾਣਾ ਦੇ ਪੁੱਤਰ ਹਰਸ਼ ਰਾਣਾ ਨੇ ਆਪਣੇ ਪਿਤਾ ਨੂੰ ਫ਼ੋਨ ਲਾ ਕੇ ਸੀ ਬੀ ਆਈ ਦੀ ਜਾਣਕਾਰੀ ਦਿੱਤੀ ਅਤੇ ਘਰ ਆਉਣ ਲਈ ਕਿਹਾ। ਅੱਗੋਂ ਰਾਣਾ ਨੇ ਸੈਕਟਰ 7 ’ਚ ਕਿਸੇ ਰਿਸ਼ਤੇਦਾਰ ਦੀ ਪਾਰਟੀ ’ਚ ਜਾਣ ਦੀ ਗੱਲ ਕਹੀ। ਅਦਾਲਤ ’ਚ ਇਹ ਵੀ ਗੱਲ ਰਿਕਾਰਡ ’ਤੇ ਹੈ ਕਿ ਰਾਣਾ ਦੀ ਪਤਨੀ ਨੀਨਾ ਰਾਣਾ ਨੇ ਵੀ ਸੀ ਬੀ ਆਈ ਟੀਮ ਨੂੰ ਕਿਹਾ ਕਿ ਉਸ ਦੇ ਪਤੀ ਘਰ ਦੇ ਪਿਛਲੇ ਪਾਸੇ ਮੌਜੂਦ ਹਨ। ਜਦੋਂ ਟੀਮ ਉਸ ਜਗ੍ਹਾ ’ਤੇ ਗਈ ਤਾਂ ਰਾਣਾ ਉੱਥੇ ਮੌਜੂਦ ਨਹੀਂ ਸੀ ਅਤੇ ਰਾਣਾ ਦਾ ਡਰਾਈਵਰ ਪੰਕਜ ਚੋਪੜਾ ਘਬਰਾਇਆ ਹੋਇਆ ਖੜ੍ਹਾ ਸੀ ਜਿਸ ਨੇ ਟੀਮ ਨੂੰ ਦੱਸਿਆ ਕਿ ਰਾਣਾ ਗੱਡੀ ਚੋਂ ਉੱਤਰ ਕੇ ਕਿਸੇ ਪ੍ਰਾਈਵੇਟ ਵਾਹਨ ’ਚ ਚਲਾ ਗਿਆ। ਟੀਮ ਸੈਕਟਰ ਸੱਤ ਦੇ ਹੋਟਲ ’ਚ ਵੀ ਗਈ ਜਿੱਥੇ ਰਾਣਾ ਮੌਜੂਦ ਨਹੀਂ ਸੀ। ਸੀ ਬੀ ਆਈ ਅਦਾਲਤ ਨੇ ਬਹਿਸ ਦੀ ਸੁਣਵਾਈ ਮਗਰੋਂ ਓ ਪੀ ਰਾਣਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਅਦਾਲਤੀ ਫ਼ੈਸਲੇ ਵਿੱਚ ਸਾਹਮਣੇ ਆਇਆ ਕਿ ਓ ਪੀ ਰਾਣਾ ਗੈਰ ਕਾਨੂੰਨੀ ਤੌਰ ’ਤੇ ਰੀਡਰ ਦੇ ਅਹੁਦੇ ’ਤੇ ਬੈਠਾ ਹੋਇਆ ਸੀ। ਰਾਣਾ ਦੇ 29 ਜੁਲਾਈ 2020 ਨੂੰ ਆਖ਼ਰੀ ਆਰਡਰ ਏਡੀਜੀਪੀ ਟਰੈਫ਼ਿਕ ਐੱਸ ਐੱਸ ਚੌਹਾਨ ਨਾਲ ਬਤੌਰ ਰੀਡਰ ਹੋਏ ਸਨ। ਰਿਕਾਰਡ ਮੁਤਾਬਿਕ ਉਹ ਏਡੀਜੀਪੀ ਟਰੈਫ਼ਿਕ ਦਾ ਰੀਡਰ ਹੈ ਪਰ ਹਕੀਕਤ ’ਚ ਰਾਣਾ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਬਿਨਾਂ ਆਰਡਰਾਂ ਤੋਂ ਹੀ ਵਿਚਰ ਰਿਹਾ ਸੀ। ਪੰਜਾਬ ਸਰਕਾਰ ਨੇ 18 ਮਈ ਨੂੰ ਰਾਣਾ ਨੂੰ ਮੁਅੱਤਲ ਕਰ ਦਿੱਤਾ ਹੈ।
