ਸਰਕਾਰੀ ਅਣਦੇਖੀ ਦਾ ਸ਼ਿਕਾਰ ਸਰਹੱਦੀ ਪਿੰਡ ‘ਸੇਠਾਂ ਵਾਲਾ’! 6 ਮਹੀਨਿਆਂ ਤੋਂ ਨਾਲੀਆਂ-ਗਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਲੋਕ

ਪਿਛਲੇ ਸਾਲ ਹੜ੍ਹਾਂ ਦੀ ਮਾਰ ਝੱਲਣ ਵਾਲੇ ਪਿੰਡ ‘ਤੇ ਹੁਣ ਮੰਡਰਾ ਰਿਹਾ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ
ਨਗਰ ਪੰਚਾਇਤ ਮਮਦੋਟ ਦੇ ਅਧਿਕਾਰੀ ਸਿਰਫ਼ ਫੋਟੋਆਂ ਖਿਚਵਾਉਣ ‘ਚ ਮਸ਼ਰੂਫ਼, ਪਿੰਡ ਵਾਸੀਆਂ ਦੀ ਕੋਈ ਸਾਰ ਨਹੀਂਮਮਦੋਟ , 23 ਮਈ ( ਰਾਜੇਸ਼ ਧਵਨ )- ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਸੇਠਾਂ ਵਾਲਾ ਵਿਖੇ ਨਗਰ ਪੰਚਾਇਤ ਦੀ ਵੱਡੀ ਲਾਪਰਵਾਹੀ ਅਤੇ ਸਰਕਾਰੀ ਅਣਦੇਖੀ ਸਾਹਮਣੇ ਆਈ ਹੈ। ਪਿਛਲੇ ਕਰੀਬ ਛੇ ਮਹੀਨਿਆਂ ਤੋਂ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਪੂਰੇ ਇਲਾਕੇ ਵਿੱਚ ਗੰਦਗੀ ਦਾ ਆਲਮ ਬਣਿਆ ਹੋਇਆ ਹੈ, ਜਿਸ ਕਾਰਨ ਇਲਾਕੇ ਵਾਸੀਆਂ ਦਾ ਰਹਿਣਾ ਮੁਹਾਲ ਹੋ ਚੁੱਕਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਨਗਰ ਪੰਚਾਇਤ ਮਮਦੋਟ ਵੱਲੋਂ ਪਿਛਲੇ ਅੱਧੇ ਸਾਲ ਤੋਂ ਨਾ ਤਾਂ ਕੋਈ ਸਫ਼ਾਈ ਕਰਮਚਾਰੀ ਪਿੰਡ ਵਿੱਚ ਭੇਜਿਆ ਗਿਆ ਹੈ ਅਤੇ ਨਾ ਹੀ ਨਾਲੀਆਂ ਦੀ ਨਿਕਾਸੀ ਵੱਲ ਕੋਈ ਧਿਆਨ ਦਿੱਤਾ ਗਿਆ ਹੈ।ਸਥਾਨਕ ਲੋਕਾਂ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ, ਕਾਰਜਸਾਧਕ ਅਫ਼ਸਰ (EO) ਅਤੇ ਹੋਰ ਉੱਚ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਰਫ਼ ਫੋਟੋਆਂ ਖਿਚਵਾਉਣ ਦੇ ਵਿੱਚ ਮਸ਼ਰੂਫ਼ ਰਹਿਣ ਵਾਲੀ ਨਗਰ ਪੰਚਾਇਤ ਦਾ ਇਸ ਪਿੰਡ ਵੱਲ ਕੋਈ ਧਿਆਨ ਨਹੀਂ ਹੈ। ਸਿਆਸਤਦਾਨਾਂ ਦੀ ਆਪਸੀ ਖਹਿਬਾਜੀ ਅਤੇ ਪ੍ਰਸ਼ਾਸਨਿਕ ਢਿੱਲ-ਮੱਠ ਕਾਰਨ ਪਿੰਡ ਵਿੱਚ ਵਿਕਾਸ ਦੇ ਕਾਰਜ ਪੂਰੀ ਤਰ੍ਹਾਂ ਰੁਕ ਚੁੱਕੇ ਹਨ।ਦੱਸਣਯੋਗ ਹੈ ਕਿ ਇਹ ਪਿੰਡ ਪਹਿਲਾਂ ਹੀ ਅਨੇਕਾਂ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ। ਪਿਛਲੇ ਸਾਲ ਇਸ ਪਿੰਡ ਦੇ ਕਿਸਾਨਾਂ ਅਤੇ ਆਮ ਲੋਕਾਂ ਨੇ ਹੜ੍ਹਾਂ ਦੀ ਭਿਆਨਕ ਮਾਰ ਝੱਲੀ ਸੀ, ਜਿਸ ਤੋਂ ਲੋਕ ਅਜੇ ਤੱਕ ਉੱਭਰ ਨਹੀਂ ਸਕੇ ਅਤੇ ਹੁਣ ਉੱਪਰੋਂ ਸਰਕਾਰੀ ਅਣਦੇਖੀ ਨੇ ਲੋਕਾਂ ਦਾ ਜਿਊਣਾ ਨਰਕ ਬਣਾ ਦਿੱਤਾ ਹੈ।ਸਥਿਤੀ ਇਹ ਬਣ ਚੁੱਕੀ ਹੈ ਕਿ ਪਿੰਡ ਦੀਆਂ ਨਾਲੀਆਂ ਗੰਦਗੀ ਅਤੇ ਕੂੜੇ-ਕਰਕਟ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ, ਜਿਸ ਕਾਰਨ ਕਈ ਥਾਵਾਂ ਤੋਂ ਗੰਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਅਤੇ ਘਰਾਂ ਦੇ ਅੱਗੇ ਜਮ੍ਹਾਂ ਹੋ ਰਿਹਾ ਹੈ। ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਕਾਰਨ ਪਿੰਡ ਵਿੱਚ ਮਲੇਰੀਆ, ਡੇਂਗੂ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਪਿੰਡ ਵਾਸੀਆਂ ਮੁਤਾਬਕ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਇਸ ਪਿੰਡ ਦੇ ਵਿੱਚ ਮਾੜਾ-ਮੋਟਾ ਵਿਕਾਸ ਕਾਰਜ ਦੇਖਣ ਨੂੰ ਮਿਲਿਆ ਸੀ, ਪਰ ਪਿਛਲੇ ਕਰੀਬ 10 ਸਾਲਾਂ ਤੋਂ ਇਸ ਪਿੰਡ ਦੇ ਵਿੱਚ ਇੱਕ ਇੱਟ ਤੱਕ ਵੀ ਨਵੀਂ ਨਹੀਂ ਲੱਗੀ। ਲੋਕਾਂ ਨੇ ਵਾਰਡ ਦੇ ਮੌਜੂਦਾ ਐਮ.ਸੀ. (MC) ‘ਤੇ ਵੀ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਉਹ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਰਿਹਾ ਹੈ ਅਤੇ ਪਿੰਡ ਦੇ ਵਿਕਾਸ ਵੱਲ ਧਿਆਨ ਦੇਣ ਦੀ ਬਜਾਏ ਸਿਰਫ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗਿਆ ਹੋਇਆ ਹੈ।
ਸਮੂਹ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਜਮ੍ਹਾਂ ਹੋਏ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਕੇ ਪਿੰਡ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਅਤੇ ਸੰਭਾਵਿਤ ਬਿਮਾਰੀਆਂ ਤੋਂ ਨਿਜਾਤ ਦਵਾਈ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਸੁਣਵਾਈ ਨਾ ਹੋਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
