ਗਰਮੀ ਦੇ ਪ੍ਰਕੋਪ ਦਰਮਿਆਨ ਮਾਲੇਰਕੋਟਲਾ ‘ਚ ਸਮਾਜ ਸੇਵੀ ਮੁਹੰਮਦ ਮੁਸਲਿਮ ਸਿਆਮਾ ਵੱਲੋਂ ਦੇਸੀ ਸ਼ੱਕਰ ਦੇ ਪਾਣੀ ਦੀ ਛਬੀਲ ਸ਼ੁਰੂ

0

ਮਾਲੇਰਕੋਟਲਾ 22 ਮਈ (ਨਿਊਜ਼ ਟਾਊਨ ਨੈਟਵਰਕ) ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਅੰਤਾਂ ਦੀ ਗਰਮੀ ਅਤੇ ਵਧ ਰਹੇ ਤਾਪਮਾਨ ਕਾਰਨ ਆਮ ਲੋਕਾਂ ਅੰਦਰ ਹਾਹਾਕਾਰ ਮੱਚੀ ਹੋਈ ਹੈ। ਇਸ ਭਿਆਨਕ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਵੱਲੋਂ ਪਾਣੀ ਦੀਆਂ ਛਬੀਲਾਂ ਲਗਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਕੜੀ ਤਹਿਤ ਸਥਾਨਕ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਸਥਿਤ ਮੁੱਖ ਦਫ਼ਤਰ ਵਿਖੇ ਪ੍ਰਸਿੱਧ ਸਮਾਜ ਸੇਵੀ ਮੁਹੰਮਦ ਮੁਸਲਿਮ ਸਿਆਮਾ (ਐਮ.ਡੀ. ਸਿਆਮਾ ਅਤਰਜ਼, ਮਾਲੇਰਕੋਟਲਾ) ਵੱਲੋਂ ਦੇਸੀ ਸ਼ੱਕਰ ਦੇ ਠੰਢੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਮੁਹੰਮਦ ਮੁਸਲਿਮ ਸਿਆਮਾ ਨੇ ਦੱਸਿਆ ਕਿ ਇਹ ਮਿੱਠੇ ਪਾਣੀ ਦੀ ਛਬੀਲ ਇਸਲਾਮਿਕ ਕੈਲੰਡਰ ਦੇ ਪਵਿੱਤਰ ਮਹੀਨੇ ‘ਜ਼ਿਲ੍ਹ ਹਿਜਾ’ (ਚੰਦ ਦੀ ਤਾਰੀਖ਼) ਦੀ ਪਹਿਲੀ ਤਾਰੀਖ਼ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਹ ਬਕਰਾ ਈਦ (10 ਜ਼ਿਲ੍ਹ ਹਿਜਾ) ਤੱਕ ਲਗਾਤਾਰ ਜਾਰੀ ਰਹੇਗੀ।

ਉਨ੍ਹਾਂ ਹਜ਼ਰਤ ਮੁਹੰਮਦ ਸਾਹਿਬ (ਸਲ.) ਦੇ ਪਵਿੱਤਰ ਫ਼ਰਮਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਪਾਣੀ ਪਿਲਾਉਣਾ ਅਤੇ ਇਸ ਦਾ ਇੰਤਜ਼ਾਮ ਕਰਨਾ ਬਹੁਤ ਵੱਡੇ ਪੁੰਨ ਦਾ ਕਾਰਜ ਹੈ ਅਤੇ ਇਹ ‘ਸਦਕਾ-ਏ-ਜਾਰੀਆ’ (ਕਦੇ ਨਾ ਖ਼ਤਮ ਹੋਣ ਵਾਲਾ ਨੇਕ ਅਮਲ) ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਭਾਵੇਂ ਉਹ ਇਸ ਅੰਤਾਂ ਦੀ ਪੈ ਰਹੀ ਗਰਮੀ ਦੇ ਪ੍ਰਕੋਪ ਨੂੰ ਘੱਟ ਤਾਂ ਨਹੀਂ ਕਰ ਸਕਦੇ, ਪਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਵੱਲੋਂ ਇਸ ਭਿਆਨਕ ਗਰਮੀ ਵਿੱਚ ਤਪਦੇ ਰਾਹਗੀਰਾਂ ਦੇ ਕਲੇਜੇ ਨੂੰ ਠੰਢਕ ਪਹੁੰਚਾਉਣ ਅਤੇ ਕੁਝ ਸਕੂਨ ਦੇਣ ਲਈ ਇਹ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।

ਇਸ ਮੌਕੇ ਮੁਹੰਮਦ ਮੁਸਲਿਮ ਸਿਆਮਾ ਨੇ ਅੱਲ੍ਹਾ ਅੱਗੇ ਦੁਆ ਕੀਤੀ ਕਿ ਉਹ ਮੌਸਮ ਨੂੰ ਸੁਖਾਵਾਂ ਅਤੇ ਚੈਨ-ਸਕੂਨ ਵਾਲਾ ਬਣਾ ਦੇਵੇ, ਤਾਂ ਜੋ ਕਿਸੇ ਵੀ ਜੀਵ-ਜੰਤੂ ਜਾਂ ਪ੍ਰਾਣੀ ਨੂੰ ਇਸ ਅਸਹਿ ਗਰਮੀ ਕਾਰਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਛਬੀਲ ਦੌਰਾਨ ਵੱਡੀ ਗਿਣਤੀ ਵਿੱਚ ਰਾਹਗੀਰਾਂ ਨੇ ਠੰਢਾ-ਮਿੱਠਾ ਪਾਣੀ ਪੀ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।

Leave a Reply

Your email address will not be published. Required fields are marked *

You may have missed