‘Godzilla vs Kong’ ਫੇਮ ਅਦਾਕਾਰਾ ਕੇਲੀ ਹੌਟਲ ਦਾ 18 ਸਾਲ ਦੀ ਉਮਰ ‘ਚ ਦਿਹਾਂਤ

'Godzilla vs Kong' ਫੇਮ ਅਦਾਕਾਰਾ...
ਨਿਊਯਾਰਕ : ਹਾਲੀਵੁੱਡ ਦੀਆਂ ਚਰਚਿਤ ਫਿਲਮਾਂ Godzilla vs. Kong ਅਤੇ Godzilla x Kong: The New Empire ਵਿੱਚ ‘ਜੀਆ’ ਦਾ ਕਿਰਦਾਰ ਨਿਭਾਉਣ ਵਾਲੀ ਨੌਜਵਾਨ ਅਦਾਕਾਰਾ ਕੇਲੀ ਹੌਟਲ (Kaylee Hottle) ਦਾ 18 ਸਾਲ ਦੀ ਉਮਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ। ਇਹ ਹਾਦਸਾ ਅਮਰੀਕਾ ਦੇ ਮੈਰੀਲੈਂਡ ਰਾਜ ਦੇ ਫ੍ਰੇਡਰਿਕ ਸ਼ਹਿਰ ਵਿੱਚ ਵਾਪਰਿਆ।
ਕੇਲੀ ਦੇ ਪਿਤਾ ਜੋਸ਼ੂਆ ਹੌਟਲ ਨੇ ਅਮਰੀਕਨ ਸਾਈਨ ਲੈਂਗਵੇਜ (ASL) ਰਾਹੀਂ ਫੇਸਬੁੱਕ ਲਾਈਵ ਕਰਕੇ ਆਪਣੀ ਧੀ ਦੀ ਮੌਤ ਦੀ ਪੁਸ਼ਟੀ ਕੀਤੀ। ਕੇਲੀ ਟੈਕਸਾਸ ਸਕੂਲ ਫਾਰ ਦਿ ਡੈਫ ਦੀ ਸੀਨੀਅਰ ਵਿਦਿਆਰਥਣ ਸੀ। ਸਕੂਲ ਪ੍ਰਬੰਧਨ ਨੇ ਵੀ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਹਾਦਸੇ ਬਾਰੇ ਅਫਵਾਹਾਂ ਨਾ ਫੈਲਾਉਣ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਕੇਲੀ ਹੌਟਲ ਨੇ 2021 ਵਿੱਚ ਰਿਲੀਜ਼ ਹੋਈ Godzilla vs. Kong ਵਿੱਚ ਇੱਕ ਬੋਲੀ ਅਤੇ ਸੁਣਨ ਤੋਂ ਅਸਮਰੱਥ ਅਨਾਥ ਬੱਚੀ ‘ਜੀਆ’ ਦੀ ਭੂਮਿਕਾ ਨਿਭਾਈ ਸੀ, ਜਿਸ ਦਾ ਕਿੰਗ ਕਾਂਗ ਨਾਲ ਖ਼ਾਸ ਭਾਵਨਾਤਮਕ ਰਿਸ਼ਤਾ ਦਿਖਾਇਆ ਗਿਆ ਸੀ। 2024 ਵਿੱਚ ਆਈ Godzilla x Kong: The New Empire ਵਿੱਚ ਵੀ ਉਸ ਨੇ ਇਹੀ ਭੂਮਿਕਾ ਨਿਭਾਈ ਅਤੇ ਸ਼ਾਨਦਾਰ ਅਦਾਕਾਰੀ ਲਈ Saturn Award ਦੀ Best Young Actor ਸ਼੍ਰੇਣੀ ਵਿੱਚ ਨਾਮਜ਼ਦਗੀ ਹਾਸਲ ਕੀਤੀ ਸੀ। ਕੇਲੀ ਹੌਟਲ ਦੀ ਬੇਵਕਤੀ ਮੌਤ ਨਾਲ ਹਾਲੀਵੁੱਡ ਫਿਲਮ ਇੰਡਸਟਰੀ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
