ਪਾਵਰਕੌਮ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ‘ਚ, ਵਿੱਤੀ ਸੰਕਟ ਹੋਇਆ ਗਹਿਰਾ

0
PSPCL

ਪਾਵਰਕੌਮ 10 ਹਜ਼ਾਰ ਕਰੋੜ ਦਾ ਕਰਜ਼ਾ...

ਚੰਡੀਗੜ੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਗੰਭੀਰ ਵਿੱਤੀ ਤੰਗੀ ਨਾਲ ਜੂਝ ਰਹੀ ਹੈ ਅਤੇ ਹੁਣ ਬਿਨਾਂ ਪੰਜਾਬ ਸਰਕਾਰ ਦੀ ਗਾਰੰਟੀ ਤੋਂ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਹ ਪਹਿਲੀ ਵਾਰ ਹੋਵੇਗਾ ਜਦੋਂ ਪਾਵਰਕੌਮ ਸਰਕਾਰੀ ਗਾਰੰਟੀ ਤੋਂ ਬਿਨਾਂ ਬਾਜ਼ਾਰ ਤੋਂ ਵੱਡਾ ਕਰਜ਼ਾ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਲਈ ਪਾਵਰਕੌਮ ਨੇ ਨਾਨ-ਕਨਵਰਟੀਬਲ ਡਿਬੈਂਚਰਜ਼ (NCDs) ਅਤੇ ਬਾਂਡ ਜਾਰੀ ਕਰਕੇ 10,000 ਕਰੋੜ ਰੁਪਏ ਇਕੱਠੇ ਕਰਨ ਵਾਸਤੇ ਟਰਾਂਜੈਕਸ਼ਨ ਐਡਵਾਈਜ਼ਰ-ਕਮ-ਮਰਚੈਂਟ ਬੈਂਕਰ/ਅਰੇਂਜਰ ਦੀ ਨਿਯੁਕਤੀ ਲਈ ਸੇਬੀ ਕੋਲ ਰਜਿਸਟਰਡ ਕੈਟਾਗਰੀ-1 ਮਰਚੈਂਟ ਬੈਂਕਰਾਂ ਤੋਂ ਆਨਲਾਈਨ ਬੋਲੀਆਂ ਮੰਗੀਆਂ ਹਨ।

ਪਾਵਰਕੌਮ ਨੇ ਹਾਲ ਹੀ ਵਿੱਚ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਆਪਣੀ ਸਾਲਾਨਾ ਮਾਲੀਆ ਲੋੜ (ARR) ਦਾ ਨਵਾਂ ਪ੍ਰਸਤਾਵ ਵੀ ਦਾਖ਼ਲ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਨਵੇਂ ਵਸੀਲੇ ਜੁਟਾਉਣ ਲਾਜ਼ਮੀ ਹੋ ਗਏ ਹਨ।

7,000 ਕਰੋੜ ਦੀ ਸਬਸਿਡੀ ਅਤੇ 2,600 ਕਰੋੜ ਦੇ ਬਿੱਲ ਬਕਾਇਆ

ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਅਤੇ ਮੌਜੂਦਾ ਵਿੱਤੀ ਸਾਲ ਦੀ ਕਰੀਬ 7,000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ 2,600 ਕਰੋੜ ਰੁਪਏ ਦੇ ਬਿਜਲੀ ਬਿੱਲ ਵੀ ਬਕਾਇਆ ਹਨ।ਪੀਕ ਸੀਜ਼ਨ ਦੌਰਾਨ ਵਧੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੂੰ ਮਹਿੰਗੇ ਭਾਅ ‘ਤੇ ਬਿਜਲੀ ਵੀ ਖਰੀਦਣੀ ਪਈ, ਜਿਸ ਨਾਲ ਵਿੱਤੀ ਦਬਾਅ ਹੋਰ ਵਧ ਗਿਆ ਹੈ।

ਮਾਹਿਰਾਂ ਨੇ ਜਤਾਈ ਚਿੰਤਾ

ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਬਿਨਾਂ ਸਰਕਾਰੀ ਗਾਰੰਟੀ ਕਰਜ਼ਾ ਲੈਣ ਦੀ ਸਥਿਤੀ ਵਿੱਚ ਪਾਵਰਕੌਮ ਨੂੰ ਆਪਣੀਆਂ ਜਾਇਦਾਦਾਂ ਗਿਰਵੀ ਰੱਖਣੀਆਂ ਪੈ ਸਕਦੀਆਂ ਹਨ ਅਤੇ ਮਰਚੈਂਟ ਬੈਂਕਰ ਨੂੰ ਵੱਧ ਕਮਿਸ਼ਨ ਵੀ ਅਦਾ ਕਰਨਾ ਪਵੇਗਾ।

ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠ ਰਹੇ ਹਨ ਕਿ ਜੇਕਰ ਪੰਜਾਬ ਸਰਕਾਰ 10 ਹਜ਼ਾਰ ਕਰੋੜ ਰੁਪਏ ਦੇ ਬਾਂਡਾਂ ਲਈ ਗਾਰੰਟੀ ਦੇਣ ਨੂੰ ਤਿਆਰ ਨਹੀਂ, ਤਾਂ ਪਾਵਰਕੌਮ ਖੁਦ ਇੰਨੀ ਵੱਡੀ ਵਿੱਤੀ ਦੇਣਦਾਰੀ ਆਪਣੇ ਸਿਰ ਕਿਉਂ ਲੈ ਰਹੀ ਹੈ। ਮਾਹਿਰਾਂ ਅਨੁਸਾਰ ਇਹ ਕਦਮ ਪਾਵਰਕੌਮ ਦੀ ਵਿੱਤੀ ਹਾਲਤ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੰਪਨੀ ਲਈ ਚੁਣੌਤੀਆਂ ਵਧਣ ਦੇ ਸੰਕੇਤ ਦਿੰਦਾ ਹੈ।

Leave a Reply

Your email address will not be published. Required fields are marked *