ਬਦਰੀਨਾਥ ਚੜ੍ਹਾਵਾ ਚੋਰੀ ਮਾਮਲੇ ’ਚ ਪ੍ਰਮੋਦ ਨੌਟਿਆਲ ਪੁਲਿਸ ਹਿਰਾਸਤ ਵਿਚ

0
Badrinath

ਬਦਰੀਨਾਥ ਚੜ੍ਹਾਵਾ ਚੋਰੀ ਮਾਮਲੇ ’ਚ ਪ੍ਰਮੋਦ...

ਗੋਪੇਸ਼ਵਰ: ਬਦਰੀਨਾਥ ਧਾਮ ਵਿੱਚ ਚੜ੍ਹਾਵੇ ਦੀ ਗਿਣਤੀ ਦੌਰਾਨ ਕਥਿਤ ਦੁਰਵਰਤੋਂ ਅਤੇ ਚੋਰੀ ਦੇ ਮਾਮਲੇ ਦੀ ਜਾਂਚ ਤੇਜ਼ ਹੋ ਗਈ ਹੈ। ਚਮੋਲੀ ਪੁਲਿਸ ਨੇ ਬਦਰੀ-ਕੇਦਾਰ ਮੰਦਰ ਕਮੇਟੀ (ਬੀਕੇਟੀਸੀ) ਦੇ ਮੁਅੱਤਲ ਨਿੱਜੀ ਸਹਾਇਕ ਪ੍ਰਮੋਦ ਨੌਟਿਆਲ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਐਸਆਈਟੀ ਦੀ ਨਿਗਰਾਨੀ ਕਰ ਰਹੇ ਡੀਐਸਪੀ ਮਦਨ ਸਿੰਘ ਬਿਸ਼ਟ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਤਿੰਨ ਪੱਧਰਾਂ ‘ਤੇ ਚੱਲ ਰਹੀ ਹੈ। ਇੱਕ ਪਾਸੇ ਮੰਦਰ ਕਮੇਟੀ ਵੱਲੋਂ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ, ਦੂਜੇ ਪਾਸੇ ਪੁਲਿਸ ਦੀ ਐਸਆਈਟੀ ਜਾਂਚ ਜਾਰੀ ਹੈ, ਜਦਕਿ ਗੜ੍ਹਵਾਲ ਕਮਿਸ਼ਨਰ ਦੀ ਅਗਵਾਈ ਹੇਠ ਪ੍ਰਣਾਲੀਗਤ ਖਾਮੀਆਂ ਦੀ ਵੀ ਪੜਤਾਲ ਹੋ ਰਹੀ ਹੈ। ਐਸਆਈਟੀ ਵੱਲੋਂ ਚੜ੍ਹਾਵੇ ਦੀ ਗਿਣਤੀ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੰਦਰ ਵਿੱਚ ਸਿਰਫ਼ ਕਰੀਬ ਡੇਢ ਮਹੀਨੇ ਦੀ ਸੀਸੀਟੀਵੀ ਫੁਟੇਜ ਹੀ ਉਪਲਬਧ ਹੈ, ਜਿਸ ਕਾਰਨ ਡੀਵੀਆਰ ਰਿਕਵਰੀ ਅਤੇ ਸਬੂਤ ਇਕੱਠੇ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਐਸਆਈਟੀ ਨੇ ਮੰਦਰ ਕਮੇਟੀ ਤੋਂ ਮੰਗੇ ਗਏ ਦਸਤਾਵੇਜ਼ ਵੀ ਹਾਲੇ ਤੱਕ ਪ੍ਰਾਪਤ ਨਹੀਂ ਹੋਏ।

ਦੂਜੇ ਪਾਸੇ, ਪ੍ਰਮੋਦ ਨੌਟਿਆਲ ਦੇ ਪਰਿਵਾਰ ਨੇ ਦੇਹਰਾਦੂਨ ਦੇ ਨਹਿਰੂ ਕਲੋਨੀ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਦੇ ਕੱਪੜਿਆਂ ਵਿੱਚ ਆਏ ਪੁਲਿਸ ਕਰਮਚਾਰੀ ਉਸ ਨੂੰ ਪੁੱਛਗਿੱਛ ਲਈ ਘਰ ਤੋਂ ਲੈ ਗਏ ਸਨ, ਪਰ ਕਾਫ਼ੀ ਸਮੇਂ ਤੱਕ ਵਾਪਸ ਨਾ ਆਉਣ ਕਾਰਨ ਚਿੰਤਾ ਵਧ ਗਈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਹਾਈ ਕੋਰਟ ਨੇ 16 ਜੁਲਾਈ ਤੱਕ ਪ੍ਰਮੋਦ ਨੌਟਿਆਲ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾਈ ਹੋਈ ਹੈ ਅਤੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।

ਜ਼ਿਕਰਯੋਗ ਹੈ ਕਿ ਬਦਰੀਨਾਥ ਧਾਮ ਵਿੱਚ ਸ਼ਰਧਾਲੂਆਂ ਦੇ ਚੜ੍ਹਾਵੇ ਦੀ ਗਿਣਤੀ ਦੌਰਾਨ ਕਥਿਤ ਚੋਰੀ ਸਾਹਮਣੇ ਆਉਣ ਤੋਂ ਬਾਅਦ ਬੀਕੇਟੀਸੀ ਨੇ ਪ੍ਰਮੋਦ ਨੌਟਿਆਲ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *