ਹਿਮਾਚਲ ਵਿੱਚ ਮੌਨਸੂਨ ਦੀ ਪਹਿਲੀ ਬਾਰਿਸ਼ ਬਣੀ ਆਫ਼ਤ, ਮਹਿਲਾ ਦੀ ਮੌਤ, ਸੜਕਾਂ ਬੰਦ

0
Himachal rain

ਹਿਮਾਚਲ ਵਿੱਚ ਮੌਨਸੂਨ ਦੀ ਪਹਿਲੀ ਬਾਰਿਸ਼ ਬਣੀ...

ਧਰਮਸ਼ਾਲਾ/ਊਨਾ: ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੀ ਪਹਿਲੀ ਹੀ ਬਾਰਿਸ਼ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਭਾਰੀ ਮੀਂਹ ਕਾਰਨ ਊਨਾ, ਮੰਡੀ, ਸ਼ਿਮਲਾ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਕਈ ਸੜਕਾਂ ਬੰਦ ਹੋ ਗਈਆਂ ਹਨ, ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਸਕੂਲਾਂ ਵਿੱਚ ਪਾਣੀ ਭਰਨ ਕਾਰਨ ਪੜ੍ਹਾਈ ਵੀ ਰੁਕਾਵਟ ਦਾ ਸ਼ਿਕਾਰ ਹੋਈ।

ਮੰਡੀ ਜ਼ਿਲ੍ਹੇ ਦੇ ਓਟ ਸਥਿਤ ਸ਼ਨੀ ਮੰਦਰ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ ਨਾਲਾਗੜ੍ਹ ਦੀ ਇੱਕ ਮਹਿਲਾ ਦੀ ਪਹਾੜ ਤੋਂ ਡਿੱਗੀ ਚੱਟਾਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਬੱਸ ਵਿੱਚੋਂ ਉਲਟੀ ਕਰਨ ਲਈ ਬਾਹਰ ਨਿਕਲੀ ਸੀ, ਇਸ ਦੌਰਾਨ ਚੱਟਾਨ ਡਿੱਗਣ ਨਾਲ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਮੰਡੀ ਜ਼ਿਲ੍ਹੇ ਵਿੱਚ 28 ਸੜਕਾਂ ਵੀ ਆਵਾਜਾਈ ਲਈ ਬੰਦ ਹੋ ਗਈਆਂ ਹਨ।

ਸ਼ਿਮਲਾ ਦੇ ਰਾਮਪੁਰ ਖੇਤਰ ਵਿੱਚ ਇੱਕ ਆਰਜ਼ੀ ਪੁਲ ਵਹਿ ਜਾਣ ਕਾਰਨ ਤਿੰਨ ਪੰਚਾਇਤਾਂ ਦਾ ਸੰਪਰਕ ਟੁੱਟ ਗਿਆ ਹੈ। ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਵਿੱਚ ਇੱਕ ਵੱਡਾ ਡੰਗਾ ਢਹਿ ਗਿਆ, ਜਿਸ ਨਾਲ ਡਾਕਟਰਾਂ ਦੀਆਂ ਰਿਹਾਇਸ਼ਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸਿਰਮੌਰ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਕਾਰਨ ਪਾਂਵਟਾ ਸਾਹਿਬ ਅਤੇ ਰਾਜਗੜ੍ਹ ਖੇਤਰਾਂ ਵਿੱਚ 44 ਬਿਜਲੀ ਟ੍ਰਾਂਸਫਾਰਮਰ ਬੰਦ ਹੋ ਗਏ ਹਨ, ਜਿਸ ਨਾਲ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।

ਉੱਧਰ, ਊਨਾ ਸ਼ਹਿਰ ਦੀ ਫ੍ਰੈਂਡਜ਼ ਕਾਲੋਨੀ ਵਿੱਚ ਸਿਰਫ਼ ਡੇਢ ਘੰਟੇ ਦੀ ਬਾਰਿਸ਼ ਨਾਲ ਹੀ ਮੁੱਖ ਰਸਤਾ ਕਰੀਬ ਦੋ ਫੁੱਟ ਪਾਣੀ ਵਿੱਚ ਡੁੱਬ ਗਿਆ। ਨਿਕਾਸੀ ਪ੍ਰਬੰਧ ਠੱਪ ਹੋਣ ਕਾਰਨ ਕਾਲੋਨੀ ਵਿੱਚ ਜਲਭਰਾਅ ਦੀ ਸਥਿਤੀ ਬਣੀ ਰਹੀ ਅਤੇ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ।

ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਊਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਹਡਾਲਾ ਵਿੱਚ ਬਾਰਿਸ਼ ਦਾ ਪਾਣੀ ਕਲਾਸਰੂਮਾਂ ਵਿੱਚ ਦਾਖ਼ਲ ਹੋ ਗਿਆ। ਇਸ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪੜ੍ਹਾਈ ਵੀ ਪ੍ਰਭਾਵਿਤ ਰਹੀ। ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਸੂਬੇ ਵਿੱਚ ਪ੍ਰਸ਼ਾਸਨਿਕ ਤਿਆਰੀਆਂ ਦੀ ਪੋਲ ਖੋਲ੍ਹ ਦਿੱਤੀ ਹੈ।

Leave a Reply

Your email address will not be published. Required fields are marked *