ਅਮਰੀਕਾ ਅਤੇ ਇਰਾਨ ਹਮਲੇ ਰੋਕਣ ਤੇ ਕੂਟਨੀਤਕ ਗੱਲਬਾਤ ਮੁੜ ਸ਼ੁਰੂ ਕਰਨ ‘ਤੇ ਸਹਿਮਤ

ਅਮਰੀਕਾ ਅਤੇ ਇਰਾਨ ਹਮਲੇ ਰੋਕਣ ਤੇ ਕੂਟਨੀਤਕ...
ਦੋਹਾ/ਵਾਸ਼ਿੰਗਟਨ : ਖਾੜੀ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਤਣਾਅ ਦਰਮਿਆਨ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਅਤੇ ਇਰਾਨ ਨੇ ਇੱਕ-ਦੂਜੇ ਖ਼ਿਲਾਫ਼ ਫ਼ੌਜੀ ਕਾਰਵਾਈਆਂ ਤੁਰੰਤ ਰੋਕਣ ਅਤੇ ਹੋਰਮੁਜ਼ ਜਲਡਮਰੂ ਨਾਲ ਜੁੜੇ ਵਿਵਾਦ ਨੂੰ ਸੁਲਝਾਉਣ ਲਈ ਕੂਟਨੀਤਕ ਗੱਲਬਾਤ ਮੁੜ ਸ਼ੁਰੂ ਕਰਨ ‘ਤੇ ਸਹਿਮਤੀ ਜਤਾਈ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਟੁੱਟਣ ਦੀ ਕਗਾਰ ‘ਤੇ ਪਹੁੰਚੇ ਅੰਤਰਿਮ ਸ਼ਾਂਤੀ ਯਤਨਾਂ ਦੇ ਮੁੜ ਪਟੜੀ ‘ਤੇ ਆਉਣ ਦੀ ਉਮੀਦ ਬਣੀ ਹੈ।
ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਆਈ ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਨੇ ਫਿਲਹਾਲ ਸਾਰੀਆਂ ਫ਼ੌਜੀ ਕਾਰਵਾਈਆਂ ਰੋਕਣ (Stand Down) ‘ਤੇ ਸਹਿਮਤੀ ਦਿੱਤੀ ਹੈ ਅਤੇ ਹੋਰਮੁਜ਼ ਜਲਡਮਰੂ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਮੁੜ ਸੁਚਾਰੂ ਬਣਾਈ ਜਾਵੇਗੀ। ਦੋਵਾਂ ਪੱਖਾਂ ਵਿਚਾਲੇ ਅਗਲੀ ਕੂਟਨੀਤਕ ਬੈਠਕ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਵੇਗੀ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ ਪਿਛਲੇ ਕੁਝ ਦਿਨਾਂ ਦੌਰਾਨ ਦੋਵੇਂ ਦੇਸ਼ ਇੱਕ-ਦੂਜੇ ‘ਤੇ ਜਵਾਬੀ ਹਮਲੇ ਕਰ ਰਹੇ ਸਨ। ਲੰਘੇ ਹਫ਼ਤੇ ਹੋਰਮੁਜ਼ ਜਲਡਮਰੂ ਵਿੱਚ ਮਾਲਵਾਹਕ ਜਹਾਜ਼ ‘ਤੇ ਹਮਲੇ ਤੋਂ ਬਾਅਦ ਤਣਾਅ ਕਾਫ਼ੀ ਵਧ ਗਿਆ ਸੀ ਅਤੇ ਦੋਵਾਂ ਧਿਰਾਂ ਨੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਵੀ ਲਗਾਏ ਸਨ।
ਇਸ ਦੌਰਾਨ ਇਰਾਨ ਨੇ ਕੁਵੈਤ ਅਤੇ ਬਹਿਰੀਨ ਵਿੱਚ ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਜਦਕਿ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਕੋਈ ਜਾਨੀ ਜਾਂ ਵੱਡਾ ਮਾਲੀ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ, ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ।
ਇਸੇ ਦੌਰਾਨ ਕਤਰ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਖਾੜੀ ਖੇਤਰ ਵਿੱਚ ਚੱਲ ਰਹੀਆਂ ਫ਼ੌਜੀ ਕਾਰਵਾਈਆਂ ਦੌਰਾਨ ਇੱਕ ਸਮੁੰਦਰੀ ਜਹਾਜ਼ ‘ਤੇ ਗੋਲਾਬਾਰੀ ਦੇ ਟੁਕੜੇ ਲੱਗਣ ਕਾਰਨ ਇੱਕ ਕਤਰੀ ਨਾਗਰਿਕ ਦੀ ਮੌਤ ਹੋ ਗਈ। ਹੁਣ ਖੇਤਰ ਵਿੱਚ ਸ਼ਾਂਤੀ ਦੀਆਂ ਉਮੀਦਾਂ ਮੰਗਲਵਾਰ ਨੂੰ ਦੋਹਾ ਵਿੱਚ ਹੋਣ ਵਾਲੀ ਬੈਠਕ ‘ਤੇ ਟਿਕੀਆਂ ਹੋਈਆਂ ਹਨ।
