ਆਈ.ਟੀ.ਆਈ.ਅਪਰੈਂਟਸ਼ਿਪ ਕਰਕੇ ਨੌਕਰੀ ਮੰਗਣ ਵਾਲੇ ਨੌਜਵਾਨਾਂ ਤੇ ਡੀ ਐਸ ਪੀ ਸੰਜੀਵ ਸਿੰਗਲਾ ਵੱਲੋਂ ਲਾਠੀਆਂ ਨਾਲ ਜਨਰਲ ਡਾਇਰ ਵਾਲਾ ਵਰਤਾਰਾ ਕਿਉ?- ਯੂਨੀਅਨ ਆਗੂ

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਪਟਿਆਲਾ ਦੇ ਬਿਜਲੀ ਬੋਰਡ ਪੀ ਐਸ ਪੀ ਸੀ ਐਲ ਮੁੱਖ ਦਫ਼ਤਰ ਅੱਗੇ ਆਪਣੇ ਹੱਕਾਂ ਅਤੇ ਨੌਕਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆਈ.ਟੀ.ਆਈ.ਅਪਰੈਂਟਸ਼ਿਪ ਪਾਸ ਨੌਜਵਾਨਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਨੇ ਸੂਬੇ ਦੇ ਲੋਕਤੰਤਰ ਅਤੇ ਪ੍ਰਸ਼ਾਸਨਿਕ ਵਤੀਰੇ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।ਇਸ ਮੰਦਭਾਗੀ ਘਟਨਾ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।ਰੁਜ਼ਗਾਰ ਦੀ ਮੰਗ ਕਰ ਰਹੇ ਦੇਸ਼ ਦੇ ਭਵਿੱਖ ਯਾਨੀ ਨੌਜਵਾਨਾਂ ‘ਤੇ ਪਟਿਆਲਾ ਪੁਲਿਸ ਵੱਲੋਂ ਢਾਹੇ ਗਏ ਤਸ਼ੱਦਦ ਨੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਡਾਂਗਾਂ ਦੇ ਜ਼ੋਰ ‘ਤੇ ਆਵਾਜ਼ ਨੂੰ ਦਬਾ ਕੇ ਪੰਜਾਬ ਨੂੰ ਕਦੇ ਵੀ ਧਰਨਿਆਂ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਬਿਜਲੀ ਬੋਰਡ ਦੇ ਦਫ਼ਤਰ ਅੱਗੇ ਕਈ ਨੌਜਵਾਨਾਂ ਦੀਆਂ ਲੱਤਾਂ-ਬਾਹਵਾਂ ਤੋੜ ਦਿੱਤੀਆਂ ਗਈਆਂ, ਜਿਸ ਕਾਰਨ ਉਹ ਹਸਪਤਾਲਾਂ ਵਿੱਚ ਜ਼ੇਰੇ-ਇਲਾਜ ਹਨ। ਪੰਜਾਬ ਦੇ ਲੋਕ ਹੁਣ ਸਿੱਧਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰ ਰਹੇ ਹਨ ਕਿ ਬਦਲਾਅ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਨੌਜਵਾਨਾਂ ਨਾਲ ਹੋ ਰਹੀ ਇਸ ਹੈਵਾਨੀਅਤ ਦੀ ਜ਼ਿੰਮੇਵਾਰੀ ਕੌਣ ਲਵੇਗਾ?ਯੂਨੀਅਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਦਾ ਦੋਸ਼ ਹੈ ਕਿ ਡੀ.ਐੱਸ.ਪੀ. ਸੰਜੀਵ ਸਿੰਗਲਾ ਦੀ ਅਗਵਾਈ ਵਿੱਚ ਪੁਲਿਸ ਫੋਰਸ ਨੇ ਨੌਜਵਾਨਾਂ ‘ਤੇ ਲਾਠੀਆਂ ਵਰ੍ਹਾ ਕੇ ‘ਜਨਰਲ ਡਾਇਰ’ ਵਰਗਾ ਵਰਤਾਰਾ ਦੁਹਰਾਇਆ ਹੈ।ਆਈ.ਟੀ.ਆਈ. ਦੀ ਪੜ੍ਹਾਈ ਅਤੇ ਅਪਰੈਂਟਸ਼ਿਪ ਪੂਰੀ ਕਰਨ ਤੋਂ ਬਾਅਦ ਆਪਣੇ ਰੁਜ਼ਗਾਰ ਦਾ ਹੱਕ ਮੰਗ ਰਹੇ ਨੌਜਵਾਨਾਂ ਨੂੰ ਅਪਰਾਧੀਆਂ ਵਾਂਗ ਕੁੱਟਿਆ ਗਿਆ। ਯੂਨੀਅਨ ਨੇ ਸਵਾਲ ਉਠਾਇਆ ਹੈ ਕਿ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਅਜਿਹਾ ਤਸ਼ੱਦਦ ਢਾਹੁਣ ਪਿੱਛੇ ਪ੍ਰਸ਼ਾਸਨ ਦੀ ਕੀ ਮਨਸ਼ਾ ਸੀ?ਪਟਿਆਲਾ ਵਿਖੇ ਵਾਪਰੀ ਇਸ ਘਟਨਾ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਘਟੀਆ ਅਤੇ ਗੈਰ-ਸੰਵੇਦਨਸ਼ੀਲ ਵਤੀਰੇ ਨੂੰ ਜਨਤਕ ਕਰ ਦਿੱਤਾ ਹੈ।ਰੁਜ਼ਗਾਰ ਮੰਗਣ ਵਾਲੇ ਨੌਜਵਾਨਾਂ ਉਪਰ ਲਾਠੀਆਂ ਨਾਲ ਤਸੱਦਦ ਕਰਨਾ ਕਿਸੇ ਵੀ ਲੋਕਤੰਤਰ ਲਈ ਸ਼ਰਮਨਾਕ ਹੈ।ਆਮ ਲੋਕਾਂ ਵਿੱਚ ਵੀ ਵਧ ਰਿਹਾ ਰੋਸ ਦੱਸਦਾ ਹੈ ਕਿ ਜੇਕਰ ਸਰਕਾਰ ਨੇ ਜਲਦ ਹੀ ਰੁਜ਼ਗਾਰ ਦੇ ਮਸਲਿਆਂ ਨੂੰ ਹੱਲ ਨਾ ਕੀਤਾ ਅਤੇ ਦੋਸ਼ੀ ਅਧਿਕਾਰੀ ਡੀ ਐਸ ਪੀ ਸੰਜੀਵ ਸਿੰਗਲਾ ਅਤੇ ਸਬੰਧਤ ਕਰਮਚਾਰੀਆਂ ਉਪਰ ਕਾਰਵਾਈ ਨਾ ਕੀਤੀ, ਤਾਂ ਇਹ ਸੰਘਰਸ਼ ਹੋਰ ਤਿੱਖਾ ਰੂਪ ਅਖਤਿਆਰ ਕਰ ਸਕਦਾ ਹੈ।
