ਮੌਜੂਦਾ ਵੋਟਰ ਸੂਚੀ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਸਬੰਧੀ 7 ਜੂਨ ਨੂੰ ਲੱਗਣਗੇ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ 

0

ਅਜੇ ਤੱਕ ਵੋਟਰ ਸੂਚੀ ਨਾਲ ਮੈਪ ਨਾ ਕੀਤੇ ਗਏ ਸਾਰੇ ਯੋਗ ਨਾਗਰਿਕ ਮੈਪਿੰਗ ਕੈਂਪਾਂ ਦਾ ਲਾਭ ਲੈਣ- ਡਾ. ਹਿਮਾਂਸ਼ੂ ਅਗਰਵਾਲ 

ਪਟਿਆਲਾ, 5 ਜੂਨ:(ਰਾਜਿੰਦਰ ਸਿੰਘ ਥਿੰਦ)ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਸਪੈਸ਼ਲ ਇੰਨਟੈਨਸਿਵ ਰਵੀਜ਼ਨ (ਐਸ ਆਈ ਆਰ) ਸਬੰਧੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬੂਥ ਲੈਵਲ ਅਫ਼ਸਰਾਂ ਦੁਆਰਾ ਘਰ-ਘਰ ਜਾ ਕੇ ਵੈਰੀਫਿਕੇਸ਼ਨ ਮਿਤੀ 25 ਜੂਨ ਤੋਂ 24 ਜੁਲਾਈ 2026 ਤੱਕ ਕੀਤੀ ਜਾਣੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀਮਤੀ ਅਨਿੰਦਿੱਤਾ ਮਿਤਰਾ ਵੱਲੋਂ 7 ਜੂਨ, 2026 (ਐਤਵਾਰ) ਨੂੰ ਹੋਣ ਵਾਲੀ ਵਿਸ਼ੇਸ਼ ਵੋਟਰ ਜਾਗਰੂਕਤਾ ਅਤੇ ਮੈਪਿੰਗ ਮੁਹਿੰਮ ਵਿੱਚ ਆਮ ਜਨਤਾ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਸਮੇਂ ਸਪੈਸ਼ਲ ਇੰਨਟੈਨਸਿਵ ਰਵੀਜ਼ਨ-2026 ਨੂੰ ਮੁੱਖ ਰੱਖਦੇ ਹੋਏ ਮੌਜੂਦਾ ਵੋਟਰ ਸੂਚੀ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਮੈਪਿੰਗ ਦਾ ਕੰਮ ਕਾਫੀ ਹੱਦ ਤੱਕ ਪੂਰਾ ਕਰ ਲਿਆ ਗਿਆ ਹੈ ਪਰੰਤੂ ਹਾਲੇ ਵੀ ਕੁੱਝ ਇਲਾਕਿਆਂ ਵਿੱਚ ਵੋਟਰ ਮੈਪਿੰਗ ਦਾ ਕੰਮ ਬਕਾਇਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਸ ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਮੈਪਿੰਗ ਦੇ ਇਸ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਮਿਤੀ: 07 ਜੂਨ 2026 (ਦਿਨ ਐਤਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੀ.ਐਲ.ਓਜ ਵੱਲੋਂ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਸਪੈਸ਼ਲ ਕੈਂਪ ਲਗਾਏ ਜਾਣੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸਾਰੇ ਬੂਥ ਲੈਵਲ ਅਫ਼ਸਰਾਂ ਦੁਆਰਾ ਇਹ ਕੈਂਪ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਲਗਾਏ ਜਾਣੇ ਹਨ। ਇਸ ਅਭਿਆਸ ਦਾ ਮੁੱਖ ਉਦੇਸ਼ ਮੌਜੂਦਾ ਵੋਟਰਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਣ ਕਰਨਾ ਹੈ ਇਸ ਸਬੰਧੀ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੋਟਰ ਜਾਂ ਉਸਦੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਵੋਟ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਣ ਕਿਸੇ ਕਾਰਨ ਕਰਕੇ ਨਹੀਂ ਹੋ ਰਿਹਾ ਜਾ ਨਹੀਂ ਕੀਤਾ ਗਿਆ ਤਾਂ ਸਬੰਧਤ ਵੋਟਰ ਵੱਲੋਂ ਮਿਤੀ 7 ਜੂਨ (ਦਿਨ ਐਤਵਾਰ) ਨੂੰ ਲਗਾਏ ਜਾ ਰਹੇ ਇਸ ਕੈਂਪ ਵਿੱਚ ਹਾਜਰ ਹੋ ਕੇ ਆਪਣੀ ਵੋਟ ਦਾ ਮਿਲਾਣ ਕਰਨ ਲਈ ਸ਼ਾਮਲ ਹੋਣਾ ਯਕੀਨੀ ਬਣਾਇਆ ਜਾਵੇ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਦੌਰਾਨ ਵੋਟਰ ਰਜਿਸਟ੍ਰੇਸ਼ਨ ਅਤੇ ਚੋਣ ਭਾਗੀਦਾਰੀ ਪ੍ਰਤੀ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਨੂੰ ਜਾਗਰੂਕਤਾ ਗਤੀਵਿਧੀਆਂ ਅਤੇ ਸਥਾਨਕ ਪਹੁੰਚ ਪ੍ਰੋਗਰਾਮਾਂ ਰਾਹੀਂ ਮੁਹਿੰਮ ਦਾ ਵਿਆਪਕ ਤੌਰ ‘ਤੇ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਗਰਾਨੀ ਅਤੇ ਰਿਕਾਰਡ ਦੇ ਉਦੇਸ਼ਾਂ ਲਈ ਵਿਸ਼ੇਸ਼ ਕੈਂਪ ਗਤੀਵਿਧੀਆਂ ਦੀਆਂ ਰਿਪੋਰਟਾਂ ਅਤੇ ਫੋਟੋਆਂ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਲਈ ਵੀ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਇਸ ਸਪੈਸ਼ਲ ਇੰਨਟੈਨਸਿਵ ਰਵੀਜ਼ਨ ਦੇ ਕੰਮ ਨੂੰ ਵਧੇਰੇ ਸੁਚੱਜੇ ਢੰਗ ਨਾਲ ਨੇਪੜੇ ਚਾੜਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਸੋ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਵੋਟਰ ਮੈਪਿੰਗ ਦੀ ਕਿਸੇ ਪ੍ਰਕਾਰ ਦੀ ਜਾਣਕਾਰੀ/ਸੁਝਾਅ ਲਈ ਇਸ ਕੈਂਪ ਵਿੱਚ ਸ਼ਾਮਲ ਹੋਣ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਅਜੇ ਤੱਕ ਵੋਟਰ ਸੂਚੀ ਨਾਲ ਮੈਪ ਨਾ ਕੀਤੇ ਗਏ ਸਾਰੇ ਯੋਗ ਨਾਗਰਿਕਾਂ ਨੂੰ 7 ਜੂਨ, 2026 ਨੂੰ ਨਜ਼ਦੀਕੀ ਨਿਰਧਾਰਤ ਕੈਂਪ ਵਿੱਚ ਜਾਣ ਅਤੇ ਵੋਟਰ ਰਜਿਸਟ੍ਰੇਸ਼ਨ ਅਤੇ ਤਸਦੀਕ ਲਈ ਜ਼ਰੂਰੀ ਰਸਮਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *