ਗਹਿਰੀ ਮੰਡੀ/ਜੰਡਿਆਲਾ ਗੁਰੂ, 5,ਜੂਨ (ਡਾ: ਮਨਰਾਜ ਸਿੰਘ ਜੋਸਨ, ਭੁਪਿੰਦਰ ਸਿੰਘ ਸਿੱਧੂ)-

ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਤੋਂ ਬਾਅਦ ਜੇਤੂ ਉਮੀਦਵਾਰਾਂ ਵੱਲੋਂ ਵੋਟਰਾਂ ਦੇ ਧੰਨਵਾਦੀ ਦੌਰਿਆਂ ਦਾ ਸਿਲਸਿਲਾ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਚੋਣਾਂ ਦੇ ਨਤੀਜੇ ਆਉਣ ਤੱਕ ਜਿੱਥੇ ਲੋਕਾਂ ਵੱਲੋਂ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਚਰਚਾਵਾਂ ਸਿਖ਼ਰ ਤੇ ਸਨ, ਉੱਥੇ ਹੁਣ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਨ ਦੀਆਂ ਕਿਆਸਅਰਾਈਆਂ ਬੜੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਜੰਡਿਆਲਾ ਗੁਰੂ ਨਗਰ ਕੌਂਸਲ ਦੀਆਂ 15 ਵਾਰਡਾਂ ਵਿੱਚੋਂ 13 ਵਾਰਡਾਂ ‘ਤੇ ਹੂੰਝਾ ਫੇਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਾਪਤ ਕਨਸੋਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ ਡਿੰਪੀ, ਅਮਨ ਵਿਰਕ, ਬੀਬੀ ਸੁਨੈਨਾ ਅਤੇ ਸਤਿੰਦਰ ਸਿੰਘ ਇਨ੍ਹਾ ਚਾਰ ਉਮੀਦਵਾਰਾਂ ਵਿੱਚੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਨ ਦੀਆਂ ਕਿਆਸਅਰਾਈਆਂ ਸਭ ਤੋਂ ਵੱਧ ਚਰਚਾ ਵਿੱਚ ਹਨ। ਸਰਬਜੀਤ ਸਿੰਘ ਡਿੰਪੀ ਆਮ ਆਦਮੀ ਪਾਰਟੀ ਦੇ ਸਭ ਤੋਂ ਪ੍ਰਾਣੇ/ਸੀਨੀਅਰ ਆਗੂ ਹਨ। ਜਾਂ ਇਹ ਕਹਿ ਲਈਏ ਕਿ ਸਰਬਜੀਤ ਸਿੰਘ ਡਿੰਪੀ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਦੇ ਮੋਢੀਆਂ ਵਿੱਚੋਂ ਹਨ ਅਤੇ ਇਮਾਨਦਾਰ ਅਤੇ ਬੇਦਾਗ ਰਾਜਨੀਤਕ ਆਗੂ ਹਨ। ਅਮਨ ਵਿਰਕ ਪੜਿਆ ਲਿਖਿਆ ਅਤੇ ਸ਼ਹਿਰ ਵਿੱਚ ਕਾਫ਼ੀ ਅਸਰ ਰਸੂਖ਼ ਵਾਲਾ ਨੌਜਵਾਨ ਆਗੂ ਹੈ। ਪ੍ਰਧਾਨ ਜਾਂ ਮੀਤ ਪ੍ਰਧਾਨ ਵਿੱਚੋਂ ਜੇਕਰ ਇੱਕ ਅਹੁਦਾ ਇਸਤਰੀ ਵਰਗ ਲਈ ਰਾਖਵਾਂ ਰੱਖਿਆ ਜਾਵੇ ਤਾਂ ਬੀਬੀ ਸੁਨੈਨਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਵੀ ਹਨ, ਸ਼ਾਇਦ ਉਹ ਅਹੁਦਾ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਸਕਦੀ ਹੋ ਸਕਦੇ ਹਨ। ਸਤਿੰਦਰ ਸਿੰਘ ਜਿਹੜੇ ਕਿ ਸ੍ਰ ਹਰਭਜਨ ਸਿੰਘ ਈ ਟੀ ਓ ਮੰਤਰੀ ਦੇ ਭਰਾ ਹਨ, ਉਹ ਪਾਰਟੀ ਦੇ ਤਗੜੇ ਵਰਕਰ ਹਨ। ਭਾਵੇਂ ਕਿ ਅਜਿਹੀਆਂ ਚਰਚਾਵਾਂ ਦਾ ਬਾਜ਼ਾਰ ਸਿਖ਼ਰ ‘ਤੇ ਹੈ, ਪਰ ਸਿਆਸਤ ਦੀਆਂ ਤਿਕੜਮ ਬਾਜ਼ੀਆਂ ਕੀ ਚੰਦ ਚਾੜ੍ਹਦੀਆਂ ਹਨ, ਸਮਾਂ ਹੀ ਦੱਸੇਗਾ।
