ਉਘੇ ਲੇਖਕ ਤੇ ਚਿੰਤਕ ਸਰਵਣ ਸਿੰਘ ਭੰਗੂ ਦੀ ਦੁਖਦਾਈ ਮੌਤ ।

0

ਮ੍ਰਿਤਕ ਦੇਹ ਪੀ.ਜੀ.ਆਈ. ਨੂੰ ਕੀਤੀ ਜਾਵੇਗੀ ਦਾਨ

ਮੋਰਿੰਡਾ 4 ਜੂਨ (ਮਜ਼ੀਦ ਖਾਨ)-ਇਲਾਕੇ ਦੀ ਪ੍ਰਮੁੱਖ ਸ਼ਖਸੀਅਤ ਸ. ਸਰਵਣ ਸਿੰਘ ਭੰਗੂ (ਸ਼੍ਰੀ ਚਮਕੌਰ ਸਾਹਿਬ) ਦੀ ਅੱਜ ਸਵੇਰੇ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਸਵੇਰ ਦੀ ਸੈਰ ਦੌਰਾਨ ਸਾਈਕਲ ਸਮੇਤ ਇੱਕ ਬਿਨਾਂ ਰੇਲਿੰਗ ਵਾਲੀ ਪੁਲੀ (ਨਾਲੇ) ਵਿੱਚ ਜਾ ਡਿੱਗੇ। ਸ. ਭੰਗੂ ਦੇ ਅਚਾਨਕ ਅਕਾਲ ਚਲਾਣੇ ਨਾਲ ਇਲਾਕੇ ਅਤੇ ਵਿਦੇਸ਼ਾਂ ਵਿੱਚ ਵਸਦੇ ਉਨ੍ਹਾਂ ਦੇ ਸਨੇਹੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ. ਸਰਵਣ ਸਿੰਘ ਭੰਗੂ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਕਰੀਬ 3:30 ਵਜੇ ਸਾਈਕਲ ‘ਤੇ ਸੈਰ ਲਈ ਨਿਕਲੇ ਸਨ। ਸ਼ੂਗਰ ਦੀ ਸਮੱਸਿਆ ਕਾਰਨ ਉਹ ਅਕਸਰ ਆਪਣੇ ਨਾਲ ਕੇਲੇ ਰੱਖਦੇ ਸਨ, ਜੋ ਘਟਨਾ ਵਾਲੀ ਜਗ੍ਹਾ ਤੋਂ ਬਰਾਮਦ ਹੋਏ ਹਨ। ਜਦੋਂ ਉਹ ਕਾਫੀ ਸਮਾਂ ਘਰ ਨਾ ਪਰਤੇ ਅਤੇ ਪਰਿਵਾਰ ਵੱਲੋਂ ਕੀਤੀਆਂ ਫ਼ੋਨ ਕਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ, ਤਾਂ ਪਰਿਵਾਰ ਨੇ ਚਿੰਤਾ ਦੇ ਚਲਦਿਆਂ ਪੁਲਿਸ ਨੂੰ ਸੂਚਿਤ ਕੀਤਾ। ਸਵੇਰੇ ਕਰੀਬ 7:30 ਵਜੇ ਲੇਬਰ ਚੌਂਕ ਨੇੜੇ ਸਥਿਤ ਨਾਲੇ ਵਿੱਚੋਂ ਰਾਹਗੀਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਸਾਈਕਲ ਸਮੇਤ ਬਰਾਮਦ ਕੀਤੀ। ਲੋਕਾਂ ਅਨੁਸਾਰ ਪੁਲੀ ਉੱਤੇ ਸੁਰੱਖਿਆ ਰੇਲਿੰਗ ਨਾ ਹੋਣਾ ਇਸ ਹਾਦਸੇ ਦਾ ਮੁੱਖ ਕਾਰਨ ਬਣਿਆ। ਫਿਲਹਾਲ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰੋਪੜ ਵਿਖੇ ਰੱਖਵਾਇਆ ਗਿਆ ਹੈ। ਪਰਿਵਾਰਕ ਸੂਤਰਾਂ ਅਨੁਸਾਰ ਸ. ਭੰਗੂ ਦਾ ਇਕਲੌਤਾ ਬੇਟਾ ਬਾਗੀ ਭੰਗੂ ਆਸਟਰੇਲੀਆ ਤੋਂ ਰਵਾਨਾ ਹੋ ਚੁੱਕਾ ਹੈ ਅਤੇ ਉਹ 5 ਜੂਨ ਦੀ ਸ਼ਾਮ ਤੱਕ ਘਰ ਪਹੁੰਚ ਜਾਵੇਗਾ। ਸ. ਸਰਵਣ ਸਿੰਘ ਭੰਗੂ ਨੇ ਜਿਉਂਦੇ ਜੀਅ ਆਪਣਾ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਦੀ ਇਸੇ ਅੰਤਿਮ ਇੱਛਾ ਦਾ ਸਤਿਕਾਰ ਕਰਦਿਆਂ, 6 ਜੂਨ ਨੂੰ ਰੋਪੜ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਲਿਆ ਕੇ ਪਹਿਲਾਂ ਉਨ੍ਹਾਂ ਦੇ ਸਕੂਲ ‘ਬੱਸੀ ਗੁੱਜਰਾਂ’ ਵਿਖੇ ਆਮ ਲੋਕਾਂ ਅਤੇ ਸਨੇਹੀਆਂ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਇਸ ਉਪਰੰਤ, ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪੀ.ਜੀ.ਆਈ. (PGI) ਚੰਡੀਗੜ੍ਹ ਨੂੰ ਸੌਂਪ ਦਿੱਤਾ ਜਾਵੇਗਾ। ਅੰਤਿਮ ਦਰਸ਼ਨਾਂ ਦੇ ਸਹੀ ਸਮੇਂ ਬਾਰੇ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ।

Leave a Reply

Your email address will not be published. Required fields are marked *