ਨਿਸ਼ਾਨਦੇਹੀ ਦੀ ਨਕਲ ਨਾ ਦੇਣ ਵਿਰੁੱਧ ਮਾਲ ਵਿਭਾਗ ਖਿਲਾਫ ਕਿਸਾਨ ਯੂਨੀਅਨ ਨੇ ਕੀਤੀ ਸੜਕ ਜਾਮ

0

ਭੀਖੀ,4 ਜੂਨ ( ਬਹਾਦਰ ਖ਼ਾਨ ):ਨੇੜਲੇ ਪਿੰਡ ਮੋਜੋਂ ਖੁਰਦ ਵਿਖੇ ਮਾਲ ਵਿਭਾਗ ਵਲੋਂ ਜਮੀਨ ਦੀ ਕੀਤੀ ਨਿਸ਼ਾਨਦੇਹੀ ਦੀ ਨਕਲ ਬਿਨੈਕਾਰ ਕਿਸਾਨ ਨੂੰ ਮੁਹੱਈਆ ਨਾ ਕਰਵਾਉਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਪਹਿਲਾਂ ਸਬ ਤਹਿਸੀਲ ਭੀਖੀ ਵਿਖੇ ਰੋਸ ਧਰਨਾ ਦਿੱਤਾ ਗਿਆ, ਉਪਰੰਤ ਸ਼ਹਿਰ ਵਿਚੋਂ ਗੁਜਰਦੇ ਰਾਜਮਾਰਗ ‘ਤੇ ਆਵਾਜਾਈ ਨੂੰ ਰੋਕ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂ ਜਗਜੀਤ ਸਿੰਘ ਧਲ਼ੇਵਾਂ ਨੇ ਦੱਸਿਆ ਕਿ ਨੇੜਲੇ ਪਿੰਡ ਮੋਜੋਂ ਖੁਰਦ ਦੇ ਕਿਸਾਨ ਕੁਲਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਲੋਂ ਜਮੀਨ ਦੀ ਨਿਸ਼ਾਨਦੇਹੀ ਲਈ ਭੀਖੀ ਤਹਿਸੀਲ ਵਿਖੇ ਅਰਜੀ ਪੱਤਰ ਕੀਤਾ ਸੀ ਪ੍ਰੰਤੂ ਮਾਲ ਵਿਭਾਗ ਵਲੋਂ ਸਮੇਂ ਸਿਰ ਉਸਦੀ ਬੇਨਤੀ ‘ਤੇ ਕਾਰਵਾਈ ਨਹੀ ਕੀਤੀ ਗਈ, ਉਪਰੰਤ ਭਾਰਤੀ ਕਿਸਾਨ ਯੂਨੀਅਨ ਵਲੋਂ ਕਿਸਾਨ ਦੇ ਹੱਕ ਵਿੱਚ ਖੜਨ ਉਪਰੰਤ ਨਿਸ਼ਾਨਦੇਹੀ ਤਾਂ ਕਰ ਦਿੱਤੀ ਪ੍ਰੰਤੂ ਹਾਲੇ ਤੱਕ ਉਸਦੀ ਕਾਪੀ ਬਿਨੈਕਾਰ ਨੂੰ ਨਹੀ ਦਿੱਤੀ ਗਈ। ਵਿਭਾਗ ਤੋਂ ਕਾਪੀ ਹਾਸਿਲ ਕਰਨ ਲਈ ਅੱਜ ਯੂਨੀਅਨ ਵਲੋਂ ਪਹਿਲਾਂ ਸਬ ਤਹਿਸੀਲ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਕਾਨੂੰਨਗੋ ਤੋਂ ਨਿਸ਼ਾਨਦੇਹੀ ਦੀ ਨਕਲ ਹਾਸਿਲ ਕਰਨ ਲਈ ਪਹੁੰਚ ਕੀਤੀ ਪ੍ਰੰਤੂ ਵਿਭਾਗ ਦੇ ਕੰਨ ‘ਤੇ ਜੂੰ ਨਹੀ ਸਰਕੀ, ਉਪਰੰਤ ਭੀਖੀ ਸੁਨਾਮ ਸੜਕ ਨੂੰ ਜਾਮ ਕਰਕੇ ਰੋਸ ਕੀਤਾ ਗਿਆ। ਉਨਾਂ ਕਿਹਾ ਕਿ ਵਿਭਾਗ ਇੱਕ ਵੱਡੇ ਅਧਿਕਾਰੀ ਦੇ ਦਬਾਅ ਕਾਰਨ ਕਿਸਾਨ ਨੂੰ ਨਕਲ ਮੁਹੱਈਆ ਨਹੀ ਕਰਵਾ ਰਿਹਾ। ਉਧਰ ਪੁਲਿਸ ਪ੍ਰਸ਼ਾਸਨ ਵਲੋਂ ਡੀਐਸਪੀ ਹਰਜਿੰਦਰ ਸਿੰਘ ਗਿੱਲ ਦੇ ਭਰੋਸੇ ਕਿ ਅਗਾਮੀ ਇੱਕ ਦੋ ਦਿਨਾਂ ਵਿੱਚ ਮਾਲ ਵਿਭਾਗ ਵਲੋਂ ਨਕਲ ਦੇ ਦਿੱਤੀ ਜਾਵੇਗੀ, ਦੇ ਭਰੋਸੇ ‘ਤੇ ਸੜਕ ਤੋਂ ਧਰਨਾ ਚੁੱਕਿਆ ਗਿਆ। ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਅਤੇ ਕਾਨੂੰਨਗੋ ਤੋਂ ਜਾਣਕਾਰੀ ਹਾਸਿਲ ਕਰਨੀ ਚਾਹੀ ਤਾਂ ਉਨਾਂ ਨੇ ਫੋਨ ਨਹੀ ਉਠਾਇਆ। ਅੱਜ ਦੇ ਰੋਸ ਧਰਨੇ ਵਿੱਚ ਮਹਿੰਦਰ ਸਿੰਘ ਭੈਣੀਬਾਘਾ, ਰਾਜਪਾਲ ਸਿੰਘ ਅਲੀਸ਼ੇਰ, ਮਨਜੀਤ ਸਿੰਘ ਮਾਖਾ, ਗੁਰਮੀਤ ਸਿੰਘ ਭੁਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਯੂਨੀਅਨ ਕਾਰਕੁੰਨ ਮੋਜੂਦ ਸਨ।

ਫੋਟੋ: ਭੀਖੀ ਸੁਨਾਮ ਸੜਕ ‘ਤੇ ਧਰਨਾ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਕਾਰਕੁੰਨ ਅਤੇ ਕਿਸਾਨ।

Leave a Reply

Your email address will not be published. Required fields are marked *