ਅਕਾਲੀ ਦਲ ਨੇ ‘ਆਪ’ ਵਿਧਾਇਕ ਡਿੰਪੀ ਢਿੱਲੋਂ ਵਿਰੁਧ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ

0

ਬੂਥਾਂ ’ਤੇ ਕਬਜ਼ਾ ਕਰਨ, ਹਮਲਾ ਕਰਨ ਅਤੇ ਧਮਕਾਉਣ ਦੇ ਲਗਾਏ ਇਲਜ਼ਾਮ

ਚੰਡੀਗੜ੍ਹ, 26 ਮਈ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗਿੱਦੜਬਾਹਾ ਦੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਮਿਉਂਸਪਲ ਚੋਣਾਂ ਦੌਰਾਨ ਬੂਥਾਂ ’ਤੇ ਕਬਜ਼ੇ ਕਰਨ, ਹਮਲੇ ਕਰਨ, ਧਮਕਾਉਣ ਅਤੇ ਚੋਣ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਕਰਨ ਵਿਰੁੱਧ ਫੌਜਦਾਰੀ ਸ਼ਿਕਾਇਤ ਦਾਇਰ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਖਿਲਾਫ ਤੁਰੰਤ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ ਮੌਕੇ ’ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਕੀਤੀ ਜਾਵੇ। ਸੂਬਾ ਚੋਣ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਵਾਰਡ ਨੰਬਰ 18 ਅਤੇ 19 ਡੀ ਏ ਵੀ ਯੈਸ਼ ਸਕੂਲ ਪੋਲਿੰਗ ਸਟੇਸ਼ਨ ਗਿੱਦੜਬਾਹਾ ਵਿਖੇ ਬੂਥਾਂ ’ਤੇ ਕਬਜ਼ੇ, ਅਮਲੇ, ਵਿਰੋਧੀ ਵਰਕਰਾਂ ਨੂੰ ਡਰਾਉਣ ਧਮਕਾਉਣ ਅਤੇ ਪੁਲਿਸ ਮਸ਼ੀਨਰੀ ਦੀ ਘੋਰ ਦੁਰਵਰਤੋਂ ਦੀਆਂ ਗੰਭੀਰ ਘਟਨਾਵਾਂ ਵਾਪਰੀਆਂ ਹਨ। ਉਹਨਾਂ ਕਿਹਾ ਕਿ ਐਮ ਐਲ ਏ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਉਹਨਾਂ ਦੇ ਨਾਲ ਪੀ ਏ ਜਗਤਾਰ ਸਿੰਘ ਤੇ ਆਮ ਆਦਮੀ ਪਾਰਟੀ ਸਮਰਥਕਾਂ ਨੇ ਗੈਰ ਕਾਨੂੰਨੀ ਢੰਗ ਨਾਲ ਚੋਣ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਕੀਤੀ ਅਤੇ ਜ਼ਬਰੀ ਧੱਥੇ ਨਾਲ ਪੋਲਿੰਗ ਸਟੇਸ਼ਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਲੋਕਤੰਤਰੀ ਪ੍ਰਕਿਰਿਆ ’ਤੇ ਸਿੱਧਾ ਹਮਲਾ ਹਨ ਤੇ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਮੌਲਿਕ ਸਿਧਾਂਤ ਦੀ ਸਿੱਧੀ ਉਲੰਘਣਾ ਹਨ। ਐਡਵੋਕੇਟ ਕਲੇਰ ਨੇ ਹੋਰ ਕਿਹਾ ਕਿ ਡੀ ਐਸ ਪੀ ਜਤਿੰਦਰ ਸਿੰਘ ਦੇ ਮੌਕੇ ’ਤੇ ਹਾਜ਼ਰ ਹੋਣ ਦੇ ਬਾਵਜੂਦ ਸ਼ਰ੍ਹੇਆਮ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਡੀ ਐਸ ਪੀ ਵੱਲੋਂ ਅਜਿਹੀਆਂ ਘੋਰ ਚੋਣ ਕੁਤਾਹੀਆਂ ਵਿਚ ਕਾਰਵਾਈ ਨਾ ਕਰਨਾ ਉਹਨਾਂ ਵੱਲੋਂ ਫਰਜ਼ ਨਿਭਾਉਣ ਵਿਚ ਕੁਤਾਹੀ ਕਰਨ ਅਤੇ ਮੁਲਜ਼ਮਾਂ ਦੀ ਪੁਸ਼ਤ ਪਨਾਹੀ ਕਰਨ ਦੇ ਸਵਾਲ ਪੈਦਾ ਕਰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਸਟੇਸ਼ਨ ਕੋਟ ਭਾਈ ਵਿਚ ਤਾਇਨਾਤ ਏ ਐਸ ਆਈ ਕੁਲਦੀਪ ਸਿੰਘ ਘਟਨਾ ਮੌਕੇ ਸਰਗਰਮੀ ਨਾਲ ਕੰਮ ਕਰ ਰਿਹਾ ਸੀ ਤੇ ਪੁਲਿਸ ਅਫਸਰ ਵਜੋਂ ਆਪਣਾ ਫਰਜ਼ ਨਿਭਾਉਣ ਦੀ ਥਾਂ ’ਤੇ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਮਦਦ ਕਰ ਰਿਹਾ ਸੀ ਤੇ ਉਸਨੂੰ ਵਿਰੋਧੀ ਧਿਰ ਦੇ ਆਗੂਆਂ ’ਤੇ ਹਮਲਾ ਕਰਦਿਆਂ ਤੇ ਧਮਕਾਉਂਦਿਆਂ ਵੀ ਵੇਖਿਆ ਗਿਆ। ਉਹਨਾਂ ਸ਼ਿਕਾਇਤ ਦੇ ਨਾਲ ਘਟਨਾ ਦੀ ਵੀਡੀਓ ਵੀ ਸੌਂਪੀ। ਉਹਨਾਂ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ, ਉਹਨਾਂ ਦੇ ਪੀ ਏ ਜਗਤਾਰ ਸਿੰਘ, ਏ ਐਸ ਆਈ ਕੁਲਦੀਪ ਸਿੰਘ ਤੇ ਬੂਥਾਂ ’ਤੇ ਕਬਜ਼ਾ ਕਰਨ, ਹਮਲਾ ਕਰਨ, ਧਮਕਾਉਣ ਤੇ ਚੋਣ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਕਰਨ ਵਾਲੇ ਸਾਰੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਏ ਐਸ ਆਈ ਕੁਲਦੀਪ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤੇ ਉਸਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਡੀ ਐਸ ਪੀ ਜਤਿੰਦਰ ਸਿੰਘ ਵੱਲੋਂ ਮੌਕੇ ’ਤੇ ਹਾਜ਼ਰ ਹੋਣ ਦੇ ਬਾਵਜੂਦ ਆਪਣਾ ਫਰਜ਼ ਨਾ ਨਿਭਾਉਣ ਲਈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *