ਸੁਜਾਨਪੁਰ ‘ਚ ‘ਆਪ’ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਾਲੇ ਧੱਕਾ-ਮੁੱਕੀ

0

ਸਵਰਨ ਸਲਾਰੀਆ ਦੇ ਪੋਲਿੰਗ ਕੇਂਦਰ ’ਤੇ ਪੁੱਜਣ ਦਾ ਇਤਰਾਜ਼ ਜਤਾਇਆ, ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ

ਪਠਾਨਕੋਟ, 26 ਮਈ (ਨਿਊਜ਼ ਟਾਊਨ ਨੈਟਵਰਕ) : ਪਠਾਨਕੋਟ ਦੇ ਸੁਜਾਨਪੁਰ ਵਿਚ ਵਾਰਡ ਨੰਬਰ 4 ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਓਲਡ ਸਕੂਲ ਦੇ ਪੋਲਿੰਗ ਕੇਂਦਰ ਅੰਦਰ ਸਥਿਤੀ ਉਸ ਵੇਲੇ ਤਣਾਵ ਪੂਰਨ ਹੋ ਗਈ ਜਦ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕ ਆਪਸ ਵਿੱਚ ਭਿੜ ਗਏ।ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ ਜਦ ਪੋਲਿੰਗ ਕੇਂਦਰ ’ਤੇ ਪਹੁੰਚੇ ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਮਹਿੰਦਰ ਬਾਲੀ ਦੇ ਸਮਰਥਕਾਂ ਨੇ ਇੱਕ ਦੂਸਰੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਦੋਨਾਂ ਧਿਰਾਂ ਵਿੱਚ ਬਹਿਸ ਅਤੇ ਤੂੰ-ਤੂੰ ਮੈਂ-ਮੈਂ ਦੀ ਨੌਬਤ ਆ ਗਈ ਅਤੇ ਇੱਕ ਦੂਜੇ ਨਾਲ ਧੱਕਾ ਮੁੱਕੀ ਵੀ ਹੋ ਗਈ। ਮਾਹੌਲ ਵਿਗੜਦਾ ਦੇਖ ਕੇ ਮੌਕੇ ਤੇ ਪੁਲੀਸ ਨੇ ਤੁਰੰਤ ਦਖਲ ਦੇ ਕੇ ਨਾਅਰੇਬਾਜ਼ੀ ਕਰ ਰਹੇ ਸਮਰਥਕਾਂ ਨੂੰ ਖਦੇੜ ਕੇ ਸ਼ਾਂਤ ਕਰਵਾਇਆ ਜਿਸ ਨਾਲ ਵੱਡਾ ਟਕਰਾਅ ਹੋਣ ਤੋਂ ਟਲ ਗਿਆ। ਆਜ਼ਾਦ ਉਮੀਦਵਾਰ ਮਹਿੰਦਰ ਬਾਲੀ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਸਵਰਨ ਸਲਾਰੀਆ ਪੋਲਿੰਗ ਕੇਂਦਰ ਅੰਦਰ ਨਹੀਂ ਜਾ ਸਕਦੇ ਕਿਉਂਕਿ ਨਾ ਤਾਂ ਉਹ ਉਮੀਦਵਾਰ ਹਨ ਅਤੇ ਨਾ ਹੀ ਵੋਟਰ ਹਨ। ਡੀਐਸਪੀ ਰਾਜੇਸ਼ ਕੱਕੜ ਦਾ ਕਹਿਣਾ ਸੀ ਕਿ ਪੋਲਿੰਗ ਸ਼ਾਂਤੀ ਪੂਰਬਕ ਹੋਈ ਤੇ ਦੋਨੋਂ ਧਿਰਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਜਾਨਪੁਰ ਨਗਰ ਕੌਂਸਲ ਚੋਣ ਲਈ ਸਾਬਕਾ ਪ੍ਰਧਾਨ ਅਨੁਰਾਧਾ ਬਾਲੀ ਅਤੇ ਉਸ ਦੇ ਪਤੀ ਮਹਿੰਦਰ ਬਾਲੀ ਨੂੰ ਇਸ ਵਾਰ ਆਮ ਆਦਮੀ ਨੇ ਪਾਰਟੀ ਟਿਕਟ ਨਹੀਂ ਦਿੱਤੀ ਜਿਸ ਕਰਕੇ ਉਹ ਦੋਨੋਂ ਹੀ ਕ੍ਰਮਵਾਰ ਵਾਰਡ ਨੰਬਰ 5 ਤੇ 4 ਵਿੱਚੋਂ ਆਜ਼ਾਦ ਉਮੀਦਵਾਰਾਂ ਵੱਜੋਂ ਚੋਣ ਲੜ ਰਹੇ ਹਨ। ਚੋਣ ਪ੍ਰਚਾਰ ਵੇਲੇ ਵੀ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਸਵਰਨ ਸਲਾਰੀਆ ਵੱਲੋਂ ਖੁੱਲ੍ਹ ਕੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹਿਆ ਗਿਆ ਸੀ ਤੇ ਜਿਸ ਦੀ ਪ੍ਰਤੀਕਿਰਿਆ ਅੱਜ ਵੀ ਦੇਖਣ ਨੂੰ ਮਿਲੀ।

Leave a Reply

Your email address will not be published. Required fields are marked *