ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਪਹਿਲੇ ਦਿਨ 6500 ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

0

ਸ੍ਰੀ ਹੇਮਕੁੰਟ ਸਾਹਿਬ, 23 ਮਈ (ਨਿਊਜ਼ ਟਾਊਨ ਨੈਟਵਰਕ) : ਉੱਤਰਾਖੰਡ ਸਥਿਤ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 2026 ਅੱਜ ਰਸਮੀ ਤੌਰ ‘ਤੇ ਖਾਲਸਾਈ ਰਵਾਇਤਾਂ ਨਾਲ ਸ਼ੁਰੂ ਹੋ ਗਈ ਹੈ। ਜਿੱਥੇ ਅੱਜ ਪਹਿਲੇ ਦਿਨ ਸੰਗਤ ਵਾਸਤੇ ਗੁਰਦੁਆਰੇ ਦੇ ਕਪਾਟ ਖੋਲ੍ਹੇ ਗਏ ਹਨ ਅਤੇ ਲਗਪਗ 6500 ਸ਼ਰਧਾਲੂਆਂ ਨੇ ਪਹਿਲੇ ਦਿਨ ਮੱਥਾ ਟੇਕਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਮੁੱਖ ਗ੍ਰੰਥੀ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਖਆਸਨ ਅਸਥਾਨ ਤੋਂ ਗੁਰਦੁਆਰੇ ਵਿੱਚ ਲਿਆਂਦਾ ਅਤੇ ਪ੍ਰਕਾਸ਼ ਕੀਤਾ ਗਿਆ। ਭਾਰਤੀ ਫ਼ੌਜ ਦੇ ਬੈਂਡ ਨੇ ਸ਼ਬਦੀ ਧੁਨਾਂ ਵਜਾਈਆਂ। ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਪਾਵਨ ਸਰੂਪ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਭਾਵੇਂ ਇੱਕ ਦਿਨ ਪਹਿਲਾਂ ਹੀ ਬਰਫ਼ ਪਈ ਹੈ, ਪਰ ਇਸ ਦੇ ਬਾਵਜੂਦ ਯਾਤਰਾ ਦੀ ਸ਼ੁਰੂਆਤ ਵੇਲੇ ਸੰਗਤ ਵਿੱਚ ਭਾਰੀ ਉਤਸ਼ਾਹ ਸੀ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਗੁਰਦੁਆਰਾ ਟਰੱਸਟ ਦੇ ਚੇਅਰਮੈਨ ਨੇ ਭਾਰਤੀ ਫ਼ੌਜ ਦਾ ਦਿਲੋਂ ਧੰਨਵਾਦ ਕੀਤਾ ਅਤੇ ਬਰਫ਼ ਸਾਫ਼ ਕਰਨ ਤੇ ਯਾਤਰਾ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਾਲ ਦਰ ਸਾਲ ਸੈਨਿਕਾਂ ਅਤੇ ਅਧਿਕਾਰੀਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸੰਗਤ ਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰ ਫੋਟੋਆਂ ਖਿੱਚਣ ਅਤੇ ਵੀਡੀਓਗ੍ਰਾਫੀ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰਾਖੰਡ ਵਿਖੇ ਚਾਰ ਧਾਮ ਯਾਤਰਾ, ਜਿਸ ਵਿੱਚ ਬਦਰੀਨਾਥ, ਕੇਦਾਰਨਾਥ, ਯਮਨੋਤਰੀ ਅਤੇ ਗੰਗੋਤਰੀ ਮੰਦਰਾਂ ਦੀ ਯਾਤਰਾ ਸ਼ਾਮਿਲ ਹੈ, ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

Leave a Reply

Your email address will not be published. Required fields are marked *