15 ਦਿਨਾਂ ਤੋਂ ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ, ਬਿਮਾਰੀਆਂ ਫੈਲਣ ਦਾ ਖਤਰਾ

ਵਾਰਡ ਨੰਬਰ 77 ਵਿੱਚ ਸੀਵਰੇਜ ਓਵਰਫਲੋ ਕਾਰਨ ਲੋਕਾਂ ਦੀ ਵਧੀ ਪਰੇਸ਼ਾਨੀ
ਛੇਹਰਟਾ, – (ਕਮਲ ਸ਼ਮਸ਼ੇਰ ਸਿੰਘ) – ਵਾਰਡ ਨੰਬਰ 77 ਅਧੀਨ ਪੈਂਦੇ ਖੇਤਰ ਬਾਬਾ ਭੋੜੀ ਵਾਲੀ ਗਲੀ ਕੋਲ ਨੀਵੀਂ ਪੈਲੀ ਦੇ ਵਸਨੀਕ ਪਿਛਲੇ ਕਰੀਬ 15 ਦਿਨਾਂ ਤੋਂ ਗੰਭੀਰ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਹਨ। ਸੀਵਰੇਜ ਓਵਰਫਲੋ ਹੋਣ ਕਾਰਨ ਇਲਾਕੇ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਇਕੱਠਾ ਹੋ ਗਿਆ ਹੈ, ਜਿਸ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਬਣ ਗਿਆ ਹੈ, ਜਦਕਿ ਗੰਦਗੀ ਕਾਰਨ ਇਲਾਕੇ ਵਿੱਚ ਬਦਬੂ ਅਤੇ ਮੱਛਰਾਂ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਮੁਤਾਬਕ ਸੀਵਰੇਜ ਦੀ ਸਹੀ ਸਫਾਈ ਨਾ ਹੋਣ ਅਤੇ ਲਾਈਨਾਂ ਦੇ ਜਾਮ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਫੈਲ ਰਿਹਾ ਹੈ। ਕਈ ਥਾਵਾਂ ’ਤੇ ਪਾਣੀ ਘਰਾਂ ਦੇ ਦਰਵਾਜਿਆਂ ਤੱਕ ਪਹੁੰਚ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀਆਂ ਵਿੱਚ ਫੈਲੀ ਗੰਦਗੀ ਕਾਰਨ ਇਲਾਕੇ ਦਾ ਮਾਹੌਲ ਵੀ ਬਹੁਤ ਪ੍ਰਦੂਸ਼ਿਤ ਹੋ ਗਿਆ ਹੈ। ਇਲਾਕਾ ਨਿਵਾਸੀ ਕੁਲਦੀਪ ਕੁਮਾਰ, ਹਰਜੀਤ ਸਿੰਘ ਵਾਲੀਆ, ਸੀਤਾ, ਰੀਟਾ ਰਾਣੀ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਸਮੱਸਿਆ ਸਬੰਧੀ ਕਈ ਵਾਰ ਇਲਾਕੇ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਉਹ ਗੰਦੇ ਅਤੇ ਦੁਖਦਾਈ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਮੱਛਰਾਂ ਅਤੇ ਮੱਖੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਖਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੇ ਕਿਹਾ ਕਿ ਬਦਬੂ ਕਾਰਨ ਘਰਾਂ ਵਿੱਚ ਬੈਠਣਾ ਵੀ ਔਖਾ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਸੀਵਰੇਜ ਲਾਈਨਾਂ ਦੀ ਸਫਾਈ ਅਤੇ ਮੁਰੰਮਤ ਕੀਤੀ ਜਾਂਦੀ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਸੀਵਰੇਜ ਪ੍ਰਬੰਧ ਨੂੰ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਲਾਕੇ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੀ ਹੋਵੇਗੀ।
ਇਸ ਸਬੰਧੀ ਜਦ ਵਾਰਡ ਨੰਬਰ 77 ਦੇ ਕੌਂਸਲਰ ਸਤੀਸ਼ ਕੁਮਾਰ ਬੱਲੂ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅੱਗੋਂ ਮੇਨ ਸੀਵਰੇਜ ਦੀਆਂ ਲਾਈਨਾ ਬਲੋਕ ਹੋਣ ਕਰਕੇ ਇਹ ਸਮੱਸਿਆ ਆ ਰਹੀ ਹੈ ਅਗੋ ਸਪਲਾਈ ਚਲੇਗੀ ਤਾਂ ਹੀ ਪਿਛਲੀ ਸਪਲਾਈ ਚਲ ਪਵੇਗੀ ਇਹ ਕੱਦ ਹੱਲ ਹੋਵੇਗੀ ਮੁਸ਼ਕਿਲ ਇਸ ਬਾਰੇ ਤੁਹਾਨੂੰ ਕਾਰਪੋਰੇਸ਼ਨ ਦੇ ਅਧਿਕਾਰੀ ਹੀ ਦੱਸ ਸਕਦੇ ਹਨ ਉਹਨਾਂ ਕਿਹਾ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਉਹਨਾਂ ਵਲੋਂ ਚਾਰ ਪੰਜ ਵਾਰੀ ਕਿਹਾ ਗਿਆ ਹੈ ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੇ ਇਹ ਪਾਰਟੀ ਚੁਣੀ ਸੀ ਆਪ ਦੀ ਨਰਕ ਵਾਲੀ ਹੁਣ ਲੋਕ ਨਰਕ ਭੋਗਣ ਓਹਨਾ ਕਿਹਾ ਕਿ ਇਹਨਾਂ ਦੀ ਅੱਗੇ ਵੀ ਲਾਈਨ ਸਾਫ ਕਰਵਾਈ ਆ ਹੁਣ ਸੁਪਰ ਸੈਕਸ਼ਨ ਨਾਲ ਇਹ ਸਫਾਈ ਦੁਬਾਰਾ ਕਰਵਾਈ ਜਾਵੇਗੀ ਪ੍ਰਸ਼ਾਸ਼ਨ ਕੋਲ ਸ਼ਿਕਾਇਤਾਂ ਜਿਆਦਾ ਫੋਨ ਕਾਰਨ ਹੀ ਇਸ ਸਮੱਸਿਆ ਦਾ ਹੱਲ ਹੋਣ ਵਿੱਚ ਦੇਰੀ ਹੋ ਰਹੀ ਹੈ। ਜਲਦ ਹੀ ਇਸ ਸਮੱਸਿਆ ਤੋਂ ਇਲਾਕਾ ਨਿਵਾਸੀਆਂ ਨੂੰ ਨਿਜਾਤ ਦਿੱਤੀ ਜਾਵੇਗੀ।
