ਰਣਜੋਧ ਹਡਾਣਾ ਦੇ ਗ੍ਰਹਿ ਵਿਖੇ ਨਵ-ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਦਾ ਵਿਸ਼ੇਸ਼ ਸਨਮਾਨ

0

ਸਨੌਰ/ਪਟਿਆਲਾ, 22 ਮਈ (ਰਾਜਿੰਦਰ ਸਿੰਘ ਥਿੰਦ)

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਗੁਰਦੇਵ ਸਿੰਘ ਟਿਵਾਣਾ ਦੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਬਣਨ ਦੀ ਖ਼ੁਸ਼ੀ ਵਿੱਚ ਅੱਜ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਰਣਜੋਧ ਹਡਾਣਾ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਨਵ-ਨਿਯੁਕਤ ਚੇਅਰਮੈਨ ਸ. ਗੁਰਦੇਵ ਸਿੰਘ ਟਿਵਾਣਾ ਦਾ ਉਚੇਚੇ ਤੌਰ ‘ਤੇ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਹਰਪ੍ਰੀਤ ਸਿੰਘ ਘੁਮਾਣ ਵਾਈਸ ਚੇਅਰਮੈਨ, ਰਾਜਾ ਧੰਜੂ ਸਰਪੰਚ ਸਰੁਸਤੀਗੜ੍ਹ, ਗੁਰਜੀਤ ਧੰਜੂ ਇੰਚਾਰਜ ਸੋਸ਼ਲ ਮੀਡੀਆ, ਅਮਨ ਸਿੰਘ ਸ਼ਾਦੀਪੁਰ, ਮਨਜੀਤ ਸਿੰਘ ਕਟਖੇੜੀ, ਹਰਜੀਤ ਚਮਰਹੇੜੀ, ਗੁਰਜੰਟ ਦੋਣ ਅਤੇ ਹੋਰ ਆਪ ਆਗੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ. 

ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਨੂੰ ਜ਼ਿਲ੍ਹਾ ਪ੍ਰੀਸ਼ਦ ਮੁਬਾਰਕਬਾਦ ਦਿੰਦਿਆਂ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਾਰਟੀ ਵੱਲੋਂ ਇੱਕ ਮਿਹਨਤੀ ਅਤੇ ਜ਼ਮੀਨੀ ਆਗੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨਾਲ ਪੂਰੇ ਜ਼ਿਲ੍ਹੇ ਦੇ ਵਲੰਟੀਅਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਉਮੀਦ ਜਤਾਈ ਕਿ ਸ. ਟਿਵਾਣਾ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਨਿਭਾਉਂਦੇ ਹੋਏ ਜ਼ਿਲ੍ਹੇ ਅਤੇ ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਨਵੇਂ ਮਾਪਦੰਡ ਸਥਾਪਿਤ ਕਰਨਗੇ।

ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਅਤੇ ਹਾਜ਼ਰ ਸਾਥੀਆਂ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਚੇਅਰਮੈਨ ਸ. ਗੁਰਦੇਵ ਸਿੰਘ ਟਿਵਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਭਰੋਸਾ ਉਨ੍ਹਾਂ ‘ਤੇ ਜਤਾਇਆ ਹੈ, ਉਹ ਉਸ ‘ਤੇ ਪੂਰਾ ਖ਼ਰਾ ਉਤਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਆਉਂਦੇ ਪਿੰਡਾਂ ਦੀ ਨੁਹਾਰ ਬਦਲਣ, ਗਲੀਆਂ-ਨਾਲੀਆਂ, ਸੜਕਾਂ ਅਤੇ ਪੀਣ ਵਾਲੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਹਰ ਪਿੰਡ ਤੱਕ ਪਾਰਦਰਸ਼ੀ ਤਰੀਕੇ ਨਾਲ ਪਹੁੰਚਾਉਣਾ ਹੀ ਉਨ੍ਹਾਂ ਦਾ ਮੁੱਖ ਟੀਚਾ ਰਹੇਗਾ।

ਇਸ ਮੁਬਾਰਕ ਮੌਕੇ ਹਡਾਣਾ ਦੇ ਗ੍ਰਹਿ ਵਿਖੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਮਿਹਨਤੀ ਵਲੰਟੀਅਰਾਂ ਨੇ ਵੀ ਚੇਅਰਮੈਨ ਟਿਵਾਣਾ ਜੀ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ। ਆਗੂਆਂ ਨੇ ਕਿਹਾ ਕਿ ਹਲਕਾ ਸਨੌਰ ਦੀ ਸਮੁੱਚੀ ਟੀਮ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ।

Leave a Reply

Your email address will not be published. Required fields are marked *

You may have missed