ਦੇਰ ਸ਼ਾਮ ਤੱਕ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਨੇ ਜੀਤਮਹਿੰਦਰ ਸਿੰਘ ਸਿੱਧੂ

ਤਲਵੰਡੀ ਸਾਬੋ/ਮੌੜ ਮੰਡੀ, 21 ਮਈ (ਗੁਰਜੰਟ ਸਿੰਘ ਨਥੇਹਾ)- ਨਗਰ ਕੌਂਸਲ ਮੌੜ ਮੰਡੀ ਦੀਆਂ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਭਖਵਾਂ ਪ੍ਰਚਾਰ ਕੀਤਾ ਜਾ ਰਿਹੈ ਅਤੇ ਦੇਰ ਸ਼ਾਮ ਤੱਕ ਉਹਨਾਂ ਵੱਲੋਂ ਵਾਰਡਾਂ ਚ ਜਾ ਕੇ ਲੋਕਾਂ ਨੂੰ ਕਾਂਗਰਸ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਵੀ ਉਹਨਾਂ ਵੱਲੋਂ ਅੱਧਾ ਦਰਜਨ ਤੋਂ ਵੱਧ ਵਾਰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ ਅਤੇ ਵਿਸ਼ਵਾਸ ਦਵਾਇਆ ਕਿ ਨਗਰ ਕੌਂਸਲ ਮੌੜ ਮੰਡੀ ਵਿੱਚ ਕਾਂਗਰਸ ਦਾ ਬਹੁਮਤ ਹੋਣ ਉਪਰੰਤ ਸ਼ਹਿਰ ਨੂੰ ਨਮੂਨੇ ਦਾ ਨਗਰ ਬਣਾਇਆ ਜਾਵੇਗਾ।ਇਸ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਇਥੋਂ ਤੱਕ ਕਿ ਮਹਿਲਾਵਾਂ ਨੂੰ 1000 ਰੁਪਏ ਮਾਣ ਭੱਤਾ ਦੇਣ ਦੀ ਵਜਾਏ ਕੇਵਲ ਫਾਰਮ ਭਰਵਾ ਕੇ ਹੀ ਬੁੱਤਾ ਸਾਰਿਆ ਜਾ ਰਿਹੈ ਜਿਸ ਤੋਂ ਸਰਕਾਰ ਦੀ ਮਾੜੀ ਮੰਸ਼ਾ ਸਾਹਮਣੇ ਆਉਂਦੀ ਹੈ। ਉਹਨਾਂ ਮੰਡੀ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੇ ਹੱਥ ਮਜਬੂਤ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਰਕਾਰ ਬਣਾਉਣ ਦਾ ਮੁੱਢ ਬੰਨ੍ਹਿਆ ਜਾਵੇ ਤੇ ਨਗਰ ਕੌਂਸਲ ਵਿੱਚ ਕਾਂਗਰਸ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਤਾਂ ਜੋ ਮੌੜ ਮੰਡੀ ਨੂੰ ਸਰਬ ਪੱਖੀ ਵਿਕਾਸ ਦੇ ਰਾਹ ਤੋਰਿਆ ਜਾ ਸਕੇ। ਉਹਨਾਂ ਕਿਹਾ ਕਿ ਨਾ ਕੇਵਲ ਮੌੜ ਮੰਡੀ ਸਗੋਂ ਸਮੁੱਚੇ ਸੂਬੇ ਦੀ ਬਿਹਤਰੀ ਲਈ ਕਾਂਗਰਸ ਦੇ ਹੱਥ ਮਜਬੂਤ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਵੱਖ-ਵੱਖ ਵਾਰਡਾਂ ਵਿੱਚ ਪਹੁੰਚਣ ‘ਤੇ ਕਾਂਗਰਸੀ ਆਗੂਆਂ ਨੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਜੀ ਆਇਆਂ ਆਖਿਆ ਗਿਆ ਅਤੇ ਵੱਡੀ ਗਿਣਤੀ ਵਿੱਚ ਵਾਰਡਾਂ ‘ਚ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
