ਐਸ.ਆਈ.ਆਰ. ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਲਈ ਰਾਜਨੀਤਿਕ ਪਾਰਟੀਆਂ

ਮਾਲੇਰਕੋਟਲਾ, 18 ਮਈ : (ਮੁਨਸ਼ੀ ਫਾਰੂਕ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਦੀ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ, ਨਿਰਪੱਖਤਾ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜਨੀਤਿਕ ਪਾਰਟੀਆਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਵੱਲੋਂ ਅੱਜ ਜ਼ਿਲ੍ਹੇ ਦੀਆਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਪਾਰਟੀਆਂ ਨੂੰ ਬੂਥ ਲੈਵਲ ਏਜੰਟ (ਬੀ.ਐਲ.ਏ.) ਦੀਆਂ ਨਿਯੁਕਤੀਆਂ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਬੀ.ਐਲ.ਏ. ਦੀ ਮੌਜੂਦਗੀ ਨਾਲ ਐਸ.ਆਈ.ਆਰ. ਦੀ ਪ੍ਰਕਿਰਿਆ ਹੋਰ ਵਧੇਰੇ ਭਰੋਸੇਯੋਗ ਅਤੇ ਪਾਰਦਰਸ਼ੀ ਬਣੇਗੀ।ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਐਸ.ਆਈ.ਆਰ. ਅਧੀਨ ਫਾਰਮ ਭਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਪ੍ਰੀ ਐਸ.ਆਈ.ਆਰ. ਮੈਪਿੰਗ ਦੇ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੇ 03 ਲੱਖ 24 ਹਜਾਰ 259 ਵੋਟਰਾਂ ਵਿੱਚੋਂ 02 ਲੱਖ 89 ਹਜਾਰ 085 ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਵੋਟਰਾਂ ਦਾ 89.15 ਫੀਸਦ ਬਣਦੀ ਹੈ। ਦਿਹਾਤੀ ਖੇਤਰਾਂ ਵਿੱਚ 91.87 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿੱਚ ਕਰੀਬ 84.95 ਫੀਸਦੀ ਮੈਪਿੰਗ ਹੋ ਚੁੱਕੀ ਹੈ। ਤਿੜਕੇ ਨੇ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼ ਘਰ-ਘਰ ਜਾ ਕੇ ਵੋਟਰਾਂ ਦੇ ਫਾਰਮ ਭਰਵਾਉਣਗੇ। ਇਸ ਕਾਰਜ ਲਈ ਹਜ਼ਾਰਾਂ ਬੀ.ਐਲ.ਓਜ਼, ਸੁਪਰਵਾਈਜ਼ਰਾਂ ਅਤੇ ਚੋਣ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦਾ ਖਰੜਾ 31 ਜੁਲਾਈ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ, ਜਦਕਿ ਦਾਅਵੇ ਅਤੇ ਇਤਰਾਜ਼ 31 ਜੁਲਾਈ ਤੋਂ 30 ਅਗਸਤ 2026 ਤੱਕ ਪੇਸ਼ ਕੀਤੇ ਜਾ ਸਕਣਗੇ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਉਦੇਸ਼ ਹਰ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਦੇ ਨਾਮ ਸੂਚੀ ਵਿੱਚੋਂ ਹਟਾਉਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐਸ.ਆਈ.ਆਰ. ਦੌਰਾਨ ਵੋਟਰਾਂ ਦੀ ਸਹੂਲਤ ਲਈ ਟੋਲ-ਫਰੀ ਨੰਬਰ 1950 ਚੌਵੀ ਘੰਟੇ ਕਾਰਗਰ ਰਹੇਗਾ, ਜਿਸ ਰਾਹੀਂ ਲੋਕ ਆਪਣੀਆਂ ਸ਼ੰਕਾਵਾਂ, ਸੁਝਾਅ ਜਾਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ।
ਇਸ ਮੌਕੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਸੰਕਾ ਦੂਰ ਕਰਦਿਆ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਐਸ.ਆਈ.ਆਰ. ਦੌਰਾਨ ਵੋਟਰਾਂ ਨੂੰ ਆਪਣੀ ਯੋਗਤਾ ਅਤੇ ਪਛਾਣ ਸਬੰਧੀ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਕਿਹਾ ਕਿ ਜਨਮ ਮਿਤੀ ਅਤੇ ਜਨਮ ਸਥਾਨ ਦੀ ਪੁਸ਼ਟੀ ਲਈ ਜਨਮ ਸਰਟੀਫਿਕੇਟ, ਪਾਸਪੋਰਟ, ਮੈਟ੍ਰਿਕ ਸਰਟੀਫਿਕੇਟ, ਸਰਕਾਰੀ ਪਛਾਣ ਪੱਤਰ, ਸਥਾਈ ਨਿਵਾਸ ਸਰਟੀਫਿਕੇਟ ਜਾਂ ਹੋਰ ਮਨਜ਼ੂਰਸ਼ੁਦਾ ਦਸਤਾਵੇਜ਼ ਵਰਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਬੀ.ਐਲ.ਓਜ਼ ਘਰ-ਘਰ ਜਾ ਕੇ ਫਾਰਮ ਭਰਵਾਉਣਗੇ ਅਤੇ ਲੋੜ ਪੈਣ ’ਤੇ ਵੋਟਰਾਂ ਨਾਲ ਦੁਬਾਰਾ ਸੰਪਰਕ ਵੀ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਅਤੇ ਪੂਰੀ ਜਾਣਕਾਰੀ ਮੁਹੱਈਆ ਕਰਵਾ ਕੇ ਵੋਟਰ ਸੂਚੀਆਂ ਨੂੰ ਹੋਰ ਵਧੇਰੇ ਸ਼ੁੱਧ ਅਤੇ ਭਰੋਸੇਯੋਗ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿਲੋ, ਜ਼ਿਲਾ ਮੀਡੀਆ ਇੰਚਾਰਜ ਕਾਂਗਰਸ ਮੁਹੰਮਦ ਅਨਵਰ ਮਹਿਬੂਬ,ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਲਵਾਰਾ ਸਿੰਘ,ਪ੍ਰਧਾਨ ਬੀ.ਜੇ.ਪੀ ਜਗਤ ਕਥੂਰੀਆ, ਜਨਰਲ ਸਕੱਤਰ ਬੀ.ਜੇ.ਪੀ ਸੰਦੀਪ ਸੂਦ ,ਸੂਬਾ ਪ੍ਰਧਾਨ ਆਈ.ਯੂ.ਐਮ.ਐਲ ਮਹਿਮੂਦ ਅਹਿਮਦ ਥਿੰਦ, ਜ਼ਿਲਾ ਸਕੱਤਰ ਸੀ.ਪੀ.ਆਈ.(ਐਮ) ਅਬਦੁਲ ਸਤਾਰ, ਸੀ.ਪੀ.ਆਈ.(ਐਮ) ਤੋਂ ਅਬਦੁੱਲ ਸਤਾਰ, ਜ਼ਿਲਾ ਸਕੱਤਰ ਬੀ.ਐਸ.ਪੀ ਸ਼ਮਸ਼ਾਦ ਅਨਸਾਰੀ,ਬਲਾਕ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਸਿੰਦਰਪਾਲ ਸਿੰਘ,ਚੋਣ ਤਹਿਸੀਲਦਾਰ ਬ੍ਰਿਜ ਮੋਹਨ,ਮਨਪ੍ਰੀਤ ਸਿੰਘ ਤੋਂ ਇਲਾਵਾ ਵੱਖ- ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
