ਜਨਗਣਨਾ 2027 ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਮੀਖਿਆ ਮੀਟਿੰਗ

ਅੰਮ੍ਰਿਤਸਰ, 17 ਮਈ( ਮਨਜੀਤ ਸਿੰਘ ਸ਼ੇਰਗਿੱਲ
ਜਨਗਣਨਾ 2027 ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ 15 ਮਈ ਤੋਂ 13 ਜੂਨ 2026 ਤੱਕ ਹੋਣ ਵਾਲੇ ਜਨਗਣਨਾ ਕਾਰਜਾਂ ਦੀ ਤਿਆਰੀ, ਟ੍ਰੇਨਿੰਗ, ਮਾਨੀਟਰਿੰਗ ਅਤੇ ਮੈਦਾਨੀ ਕਾਰਵਾਈ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਜਨਗਣਨਾ ਦੇ ਕੰਮ ਨੂੰ ਸਮੇਂਬੱਧ ਅਤੇ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਹਰ ਪੱਧਰ ’ਤੇ ਨਿਗਰਾਨੀ ਅਤੇ ਕੋਆਰਡੀਨੇਸ਼ਨ ਯਕੀਨੀ ਬਣਾਈ ਜਾਵੇਗੀ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 30 ਦਿਨਾਂ ਦੇ ਅੰਦਰ ਸਾਰੇ ਕਾਰਜ ਮੁਕੰਮਲ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ। ਮੀਟਿੰਗ ਦੌਰਾਨ ਟ੍ਰੇਨਿੰਗ ਸੈਸ਼ਨਾਂ, ਐਪ ਅਲੋਕੇਸ਼ਨ, ਨੈੱਟਵਰਕ ਸਮੱਸਿਆਵਾਂ, ਹੈਲਪਲਾਈਨ 1855 ਦੀ ਕਾਰਗੁਜ਼ਾਰੀ, ਰੀਅਲ ਟਾਈਮ ਮਾਨੀਟਰਿੰਗ ਅਤੇ ਸਟਾਫ ਦੀ ਹਾਜ਼ਰੀ ਯਕੀਨੀ ਬਣਾਉਣ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਕਿਸੇ ਵੀ ਤਕਨੀਕੀ ਜਾਂ ਪ੍ਰਸ਼ਾਸਨਿਕ ਸਮੱਸਿਆ ਨੂੰ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਇੱਕ ਮਹੱਤਵਪੂਰਨ ਰਾਸ਼ਟਰੀ ਕਾਰਜ ਹੈ ਅਤੇ ਇਸ ਨੂੰ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਨਾ ਹਰ ਅਧਿਕਾਰੀ ਦੀ ਡਿਊਟੀ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਨਿਰਧਾਰਿਤ ਸਮੇਂ ਅੰਦਰ ਟੀਚੇ ਹਾਸਲ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਦੌਰਾਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਨਗਣਨਾ ਵਿੱਚ ਪੂਰਾ ਸਹਿਯੋਗ ਕਰਨ ਅਤੇ ਜਦੋਂ ਉਹਨਾਂ ਦੇ ਘਰ ਸਰਕਾਰੀ ਕਰਮਚਾਰੀ ਜਨਗਣਨਾ ਕਰਨ ਆਉਂਦੇ ਹਨ ਤਾਂ ਉਹਨਾਂ ਨੂੰ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ।
