ਇੰਸਪੈਕਟਰ ਸਵਿੰਦਰ ਸਿੰਘ ਨੇ ਮੋਰਿੰਡਾ ਥਾਣਾ ਸਦਰ ਦੇ ਐੱਸ.ਐੱਚ.ਓ. ਵਜੋਂ ਸੰਭਾਲਿਆ ਅਹੁਦਾ

0

ਰਿੰਡਾ, 13 ਮਈ ( ਮਜ਼ੀਦ ਖ਼ਾਨ ): ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਾਜ਼ਾ ਫੇਰਬਦਲ ਦੇ ਤਹਿਤ,  ਇੰਸਪੈਕਟਰ ਸਵਿੰਦਰ ਸਿੰਘ ਨੇ ਅੱਜ ਮੋਰਿੰਡਾ ਦੇ ਥਾਣਾ ਸਦਰ ਵਿਖੇ ਨਵੇਂ ਮੁੱਖ ਅਫਸਰ ਐੱਸ.ਐੱਚ.ਓ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਇੰਸਪੈਕਟਰ ਰਣਜੀਤ ਸਿੰਘ ਦੀ ਥਾਂ ਲਈ ਹੈ, ਜਿਨ੍ਹਾਂ ਦਾ ਇੱਥੋਂ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇੰਸਪੈਕਟਰ ਸਵਿੰਦਰ ਸਿੰਘ ਲਈ ਮੋਰਿੰਡਾ ਦਾ ਇਹ ਇਲਾਕਾ ਅਤੇ ਥਾਣਾ ਸਦਰ ਕੋਈ ਨਵਾਂ ਨਹੀਂ ਹੈ, ਕਿਉਂਕਿ ਉਹ ਇਸ ਤੋਂ ਪਹਿਲਾਂ ਵੀ ਇੱਥੇ ਬਤੌਰ ਐੱਸ ਐੱਚ ਓ ਆਪਣੀਆਂ ਸੇਵਾਵਾਂ ਸਫਲਤਾਪੂਰਵਕ ਨਿਭਾ ਚੁੱਕੇ ਹਨ। ਇਲਾਕੇ ਦੀ ਭੂਗੋਲਿਕ ਸਥਿਤੀ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਭਲੀ-ਭਾਂਤ ਜਾਣੂ ਹੋਣ ਕਾਰਨ, ਉਨ੍ਹਾਂ ਦੀ ਇਸ ਨਿਯੁਕਤੀ ਨਾਲ ਪੁਲਿਸ ਪ੍ਰਸ਼ਾਸਨ ਵਿੱਚ ਹੋਰ ਮੁਸਤੈਦੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।

ਅਹੁਦਾ ਸੰਭਾਲਣ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਸਵਿੰਦਰ ਸਿੰਘ ਨੇ ਆਪਣੀਆਂ ਤਰਜੀਹਾਂ ਸਪੱਸ਼ਟ ਕੀਤੀਆਂ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ-ਚੈਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਅਤੇ ਅਪਰਾਧਿਕ ਅਨਸਰਾਂ ‘ਤੇ ਨਕੇਲ ਕੱਸਣਾ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ। ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਥਾਣੇ ਆਉਣ ਵਾਲੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਪੱਖਪਾਤ ਦੇ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ਲਈ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਥਾਣਾ ਸਦਰ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਨ੍ਹਾਂ ਦੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published. Required fields are marked *