ਵਿਸ਼ਵ ਪੱਧਰ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਰੌਸ਼ਨ, ਦੁਨੀਆ ਦੀਆਂ ਟਾਪ-100 ਯੂਨੀਵਰਸਿਟੀਆਂ ਵਿੱਚ ਸ਼ਾਮਲ

ਡਬਲਯੂਯੂਆਰਆਈ-2026 ਰੈਂਕਿੰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ‘ਤੇ 78ਵਾਂ ਸਥਾਨ
ਇਹ ਸਨਮਾਨ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੂਹ ਹਿੱਸੇਦਾਰਾ ਦੀ ਸਾਂਝੀ ਮਿਹਨਤ ਦਾ ਨਤੀਜਾ – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 11 ਮਈ ( ਮਨਜੀਤ ਸਿੰਘ ਸ਼ੇਰਗਿੱਲ ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਹੋਰ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਫ਼ਾਰ ਇਨੋਵੇਸ਼ਨ (ਡਬਲਯੂਯੂਆਰਆਈ)-2026 ਵਿੱਚ “ਯੂਨੀਵਰਸਿਟੀ ਬ੍ਰਾਂਡ ਐਂਡ ਰਿਪਿਊਟੇਸ਼ਨ” ਸ਼੍ਰੇਣੀ ਅਧੀਨ ਦੁਨੀਆ ਵਿੱਚ 78ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਾ ਕੇਵਲ ਪੰਜਾਬ, ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਰੈਂਕਿੰਗ ਰਾਹੀਂ ਇਹ ਸਾਬਤ ਹੋਇਆ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਜ ਵਿਸ਼ਵ ਪੱਧਰ ‘ਤੇ ਇੱਕ ਮਜ਼ਬੂਤ ਅਕਾਦਮਿਕ ਅਤੇ ਖੋਜ ਸੰਸਥਾ ਵਜੋਂ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਮਾਣ ਪ੍ਰਾਪਤ ਕਰਨ ਵਾਲੀਆਂ ਭਾਰਤ ਦੀਆਂ ਖਾਸ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਇੱਕ ਹੈ। ਇਹ ਰੈਂਕਿੰਗ 7 ਮਈ 2026 ਨੂੰ ਇੰਸਟੀਚਿਊਟ ਫ਼ਾਰ ਪਾਲਿਸੀ ਐਂਡ ਸਟ੍ਰੈਟਜੀ ਆਨ ਨੈਸ਼ਨਲ ਕੰਪੀਟੀਟਿਵਨੈੱਸ ਅਤੇ ਡਬਲਯੂਯੂਆਰਆਈ ਵੱਲੋਂ ਅੰਤਰਰਾਸ਼ਟਰੀ ਅਕਾਦਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਜਾਰੀ ਕੀਤੀ ਗਈ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਇਸ ਮੌਕੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੂਹ ਹਿੱਸੇਦਾਰਾ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਵਿਸ਼ਵ ਅਕਾਦਮਿਕ ਮਾਹੌਲ ਵਿੱਚ ਕਿਸੇ ਵੀ ਯੂਨੀਵਰਸਿਟੀ ਦੀ ਮਜ਼ਬੂਤ ਸਾਖ ਉਸ ਦੀ ਨਵੀਂ ਸੋਚ, ਉੱਚ ਪੱਧਰੀ ਖੋਜ, ਸਮਾਜਿਕ ਜ਼ਿੰਮੇਵਾਰੀ, ਅਕਾਦਮਿਕ ਗੁਣਵੱਤਾ ਅਤੇ ਅੰਤਰਰਾਸ਼ਟਰੀ ਸਾਂਝ ‘ਤੇ ਨਿਰਭਰ ਕਰਦੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਗਾਤਾਰ ਇਨ੍ਹਾਂ ਖੇਤਰਾਂ ਵਿੱਚ ਅਗੇ ਰਹੀ ਹੈ।
ਉਨ੍ਹਾਂ ਯੂਨੀਵਰਸਿਟੀ ਭਾਈਚਾਰੇ, ਵਿਸ਼ਵ ਭਰ ਵਿੱਚ ਵਸਦੇ ਸਾਬਕਾ ਵਿਦਿਆਰਥੀਆਂ, ਮੀਡੀਆ ਜਗਤ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਯੂਨੀਵਰਸਿਟੀ ਨੂੰ ਇਹ ਵਿਸ਼ਵ ਪੱਧਰੀ ਮਾਣ ਪ੍ਰਾਪਤ ਹੋਇਆ ਹੈ। ਪ੍ਰੋ. ਕਰਮਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਆਈ ਕਿਉਂ ਏ ਸੀ ਸੈੱਲ ਦੀ ਡਾਇਰੈਕਟਰ ਪ੍ਰੋ. ਜਤਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਉਪਲਬਧੀ ਗੁਰੂ ਨਾਨਕ ਦੇਵ ਜੀ ਦੀ ਉਸ ਮਹਾਨ ਸਿੱਖਿਆ ਅਤੇ ਮਨੁੱਖਤਾ ਦੀ ਸੋਚ ਨੂੰ ਵਿਸ਼ਵ ਪੱਧਰ ‘ਤੇ ਹੋਰ ਮਜ਼ਬੂਤੀ ਨਾਲ ਪਹੁੰਚਾਉਣ ਵਿੱਚ ਸਹਾਇਕ ਸਾਬਤ ਹੋਵੇਗੀ, ਜਿਸ ਵਿੱਚ ਗਿਆਨ, ਸਮਾਨਤਾ, ਸੇਵਾ ਅਤੇ ਮਨੁੱਖੀ ਭਲਾਈ ਨੂੰ ਸਭ ਤੋਂ ਉਚਾ ਮਾਣ ਦਿੱਤਾ ਗਿਆ ਹੈ।
ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿੱਚ ਵੀ ਗੁਣਵੱਤਾ ਭਰੀ ਸਿੱਖਿਆ, ਖੋਜ, ਹੁਨਰ ਵਿਕਾਸ, ਉਦਯਮਿਤਾ ਅਤੇ ਸਮਾਜਿਕ ਬਦਲਾਅ ਦੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਛੂਹਣ ਲਈ ਵਚਨਬੱਧ ਰਹੇਗੀ।
