ਬਾਦਲਾਂ ਦੀ ਝੋਲੀ ਵਿੱਚ ਬੈਠ ਕੇ ਝੀਂਡਾ ਨੇ ਹਰਿਆਣਾ ਕਮੇਟੀ ਅਤੇ ਹਰਿਆਣੇ ਦੇ ਸਿੱਖਾਂ ਦਾ ਕੀਤਾ ਭਾਰੀ ਨੁਕਸਾਨ- ਜਥੇਦਾਰ ਮੰਡੇਬਰ

ਤਲਵੰਡੀ ਸਾਬੋ/ ਸਿਰਸਾ, 11 ਮਈ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਦੇ ਸਿੱਖਾਂ ਨੇ ਲੰਬਾ ਸਮਾਂ ਬਾਦਲ ਪਰਿਵਾਰ ਬਾਦਲ ਅਕਾਲੀ ਦਲ ਦੀ ਗੁਲਾਮੀ ਝੱਲੀ ਹੈ ਹਰਿਆਣਾ ਸਟੇਟ ਤਾਂ 1966 ਵਿੱਚ ਵੱਖਰੀ ਬਣ ਗਈ ਪਰ ਹਰਿਆਣੇ ਵਿਚਲੇ ਇਤਹਾਸਿਕ ਗੁਰੂਘਰਾਂ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਿਹਾ ਅਤੇ ਸ੍ਰੋਮਣੀ ਕਮੇਟੀ ਉੱਪਰ ਅੱਜ ਤੱਕ ਬਾਦਲ ਪਰਿਵਾਰ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ ਇਸ ਕਰਕੇ ਹਰਿਆਣਾ ਵਿਚਲੇ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਬਾਦਲ ਦਲ ਦੀ ਪਕੜ ਬਣੀ ਰਹੀ ਇਸੇ ਲਈ ਬਾਦਲ ਪ੍ਰੀਵਾਰ ਅਕਾਲੀ ਦਲ ਬਾਦਲ ਹਰਿਆਣਾ ਦੀਆਂ ਵਿਧਾਨ ਸਭਾ ਅਤੇ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਸਮੇਂ-ਸਮੇਂ ਵੱਖ-ਵੱਖ ਪਾਰਟੀਆਂ ਨਾਲ ਹਰਿਆਣਾ ਵਿਚਲੇ ਸਿੱਖਾਂ ਦਾ ਸੌਦਾ ਕਰਕੇ ਆਪਣੀਆਂ ਰੋਟੀਆਂ ਸੇਕਦਾ ਰਿਹਾ ਹੈ। ਹਰਿਆਣਾ ਵਿਚਲੇ ਗੁਰਦੁਆਰਿਆਂ ਦੀ ਕਮੇਟੀ ਵੱਖਰੀ ਕਰਨ ਲਈ ਹਰਿਆਣਾ ਵਿਚਲੇ ਜਿੰਨਾ ਸਿੱਖ ਆਗੂਆਂ ਨੇ ਬਾਦਲ ਪ੍ਰੀਵਾਰ ਬਾਦਲ ਅਕਾਲੀ ਦਲ ਦੇ ਖਿਲਾਫ ਸੰਘਰਸ਼ ਕੀਤਾ ਉਨਾਂ ਵਿੱਚੋਂ ਇੱਕ ਜਗਦੀਸ਼ ਸਿੰਘ ਝੀਂਡਾ ਹੈ ਜਿਸਨੂੰ ਹੁਣ ਹਰਿਆਣੇ ਦੇ ਸਿੱਖਾਂ ਨੇ ਹਰਿਆਣਾ ਕਮੇਟੀ ਦਾ ਮੈਂਬਰ ਅਤੇ ਫਿਰ ਪ੍ਰਧਾਨ ਬਣਾਇਆ ਹੈ ਪਰ ਨਿਗੂਣੇ ਲਾਲਚਾਂ ਨਿੱਜੀ ਸਵਾਰਥ ਲਈ ਮੁੜ ਬਾਦਲ ਪ੍ਰੀਵਾਰ ਅਕਾਲੀ ਦਲ ਬਾਦਲ ਦੀ ਝੋਲੀ ਵਿੱਚ ਜਾ ਬੈਠਾ ਹੈ। ਇਸ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣੇ ਦੇ ਸਿੱਖਾਂ ਦਾ ਬਹੁਤ ਭਾਰੀ ਝੀਂਡਾ ਨੇ ਨੁਕਸਾਨ ਕੀਤਾ ਹੈ। ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਆਜ਼ਾਦ ਨੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਥੇਦਾਰ ਮੰਡੇਬਰ ਨੇ ਕਿਹਾ ਕਿ ਹਰਿਆਣਾ ਕਮੇਟੀ ਵੱਖ ਕਰਨ ਲਈ ਹਰਿਆਣੇ ਦੇ ਸਿੱਖਾਂ ਨੇ ਇਨਾਂ ਆਗੂਆਂ ਦਾ ਬਹੁਤ ਸਾਥ ਦਿੱਤਾ ਸੀ ਪਹਿਲਾਂ ਵੀ ਹਰਿਆਣਾ ਕਮੇਟੀ ਐਡਹਾਕ ਦੇ ਨਾਂ ਤੇ 11 ‘ਚੋਂ 7 ਸੀਟਾਂ ਹਰਿਆਣਾ ਕਮੇਟੀ ਦੇ ਹੱਕ ਵਿੱਚ ਜਿਤਾਈਆਂ ਸਨ ਪਰ 2011 ਵਿੱਚ ਮੁੜ ਹਰਿਆਣਾ ਕਮੇਟੀ ਨੇ ਇਨਾਂ ਆਗੂਆਂ ਦੀ ਸਵਾਰਥੀ ਸੋਚ ਕਰਕੇ ਇਨਾਂ ਤੋਂ ਫਤਵਾ ਵਾਪਸ ਲੈ ਲਿਆ ਸੀ। ਸੰਨ 2014 ਵਿੱਚ ਚੌਧਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਵੱਖਰੀ ਕਮੇਟੀ ਦਾ ਬਿੱਲ ਵਿਧਾਨ ਸਭਾ ਵਿੱਚ ਗੁਰਦੁਆਰਾ ਐਕਟ 2014 ਪਾਸ ਕਰ ਦਿੱਤਾ ਸੀ ਫਿਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਸਮੇਤ 5 ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹਰਿਆਣਾ ਕਮੇਟੀ ਨੇ ਆਪਣੇ ਹੱਥ ਲੈ ਲਿਆ ਸੀ। 2022 ਤੱਕ ਹਰਿਆਣਾ ਕਮੇਟੀ ਦਾ ਮੁੱਖ ਦਫਤਰ ਚੀਕਾ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਰਿਹਾ ਅਤੇ ਫਿਰ 13 ਜੁਲਾਈ 2020 ਨੂੰ ਕਮੇਟੀ ਦੇ 36 ਮੈਂਬਰ ਸਾਹਿਬਾਨਾਂ ਵੱਲੋਂ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਉਤਾਰ ਕੇ ਜਥੇਦਾਰ ਦਾਦੂਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾ ਦਿੱਤਾ ਸੀ। ਜਥੇਦਾਰ ਦਾਦੂਵਾਲ ਨੇ 13 ਅਗਸਤ 2020 ਨੂੰ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਵਾਈ ਜਿਸ ਵਿੱਚ ਵੋਟਾਂ ਦੇ ਬਹੁਮਤ ਨਾਲ ਦਾਦੂਵਾਲ ਮੁੜ ਪ੍ਰਧਾਨ ਬਣ ਗਏ ਸਨ ਜਥੇਦਾਰ ਦਾਦੂਵਾਲ ਨੇ ਸ੍ਰੋਮਣੀ ਕਮੇਟੀ ਵੱਲੋਂ ਹਰਿਆਣਾ ਕਮੇਟੀ ਦੀ ਹੋਂਦ ਨੂੰ ਚੈਲੇੰਜ ਕਰਦਾ ਕੇਸ ਜੋ ਸੁਪਰੀਮ ਕੋਰਟ ਵਿੱਚ ਦਾਖਲ ਕੀਤਾ ਹੋਇਆ ਸੀ। ਉਸ ਨੂੰ ਬੜੀ ਸਿਦਕਦਿਲੀ ਦੇ ਨਾਲ ਲੜਿਆ 2022 ਵਿੱਚ ਜਥੇਦਾਰ ਦਾਦੂਵਾਲ ਨੇ ਕੇਸ ਸੁਪਰੀਮ ਕੋਰਟ ਵਿੱਚੋੰ ਜਿੱਤ ਕੇ ਹਰਿਆਣੇ ਦੇ ਸਿੱਖਾਂ ਦੀ ਝੋਲੀ ਵਿੱਚ ਪਾਇਆ ਸੀ ਇਸ ਤੋਂ ਬਾਅਦ ਸਮੁੱਚੇ ਗੁਰਦੁਆਰਿਆਂ ਸਕੂਲਾਂ ਕਾਲਜਾਂ ਦਾ ਪ੍ਰਬੰਧ ਹਰਿਆਣਾ ਕਮੇਟੀ ਦੇ ਹਵਾਲੇ ਹੋਇਆ ਕੇਸ ਜਿੱਤਣ ਕਾਰਨ ਹੀ ਹਰਿਆਣਾ ਸਰਕਾਰ ਵੱਲੋਂ 40 ਸੀਟਾਂ ਤੇ ਚੋਂਣ ਕਰਵਾਈ ਗਈ ਹੁਣ ਸਿੱਖ ਸੰਗਤਾਂ ਦੀ ਚੁਣੀ ਹੋਈ ਕਮੇਟੀ ਪ੍ਰਬੰਧ ਕਰ ਰਹੀ ਹੈ ਪਰ ਜਗਦੀਸ਼ ਸਿੰਘ ਝੀਂਡਾ ਅਤੇ ਬਾਦਲ ਦਲ ਦੇ ਕੁੱਝ ਮੈਂਬਰਾਂ ਦੀ ਸੌੜੀ ਸੋਚ ਦੇ ਕਾਰਨ ਅੱਜ ਹਰਿਆਣਾ ਕਮੇਟੀ ਬੁਰੇ ਹਾਲਾਤਾਂ ਚੋਂ ਗੁਜ਼ਰ ਰਹੀ ਹੈ। ਇਸ ਲਈ ਬਾਦਲ ਪ੍ਰੀਵਾਰ ਬਾਦਲ ਅਕਾਲੀ ਦਲ ਦੀ ਕਠਪੁਤਲੀ ਹੱਥਠੋਕਾ ਬਣੇ ਹੋਏ ਜਗਦੀਸ਼ ਸਿੰਘ ਝੀਂਡਾ ਸਿੱਧੇ ਤੌਰ ‘ਤੇ ਜਿੰਮੇਵਾਰ ਹੈ। ਜਥੇਦਾਰ ਮੰਡੇਬਰ ਨੇ ਕਿਹਾ ਕਿ ਜਗਦੀਤ ਸਿੰਘ ਝੀਂਡਾ ਆਪਣੇ ਸਵਾਰਥ ਲਈ ਅਤੇ ਕੁਝ ਬਾਦਲ ਦਲ ਦੇ ਮੈਂਬਰ ਨਹੀਂ ਚਾਹੁੰਦੇ ਕੇ ਹਰਿਆਣਾ ਕਮੇਟੀ ਆਜ਼ਾਦ ਤੌਰ ‘ਤੇ ਕੰਮ ਕਰੇ ਉਹ ਮੁੜ ਇਸ ਕਮੇਟੀ ਨੂੰ ਬਾਦਲਾਂ ਦੀ ਗੁਲਾਮ ਬਣਾਉਣਾ ਚਾਹੁੰਦੇ ਹਨ ਪਰ ਅਜਿਹਾ ਕਿਸੇ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ। ਜਥੇਦਾਰ ਮੰਡੇਬਰ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਜਿਨਾਂ ਬਾਦਲਾਂ ਦੇ ਖਿਲਾਫ ਕਮੇਟੀ ਵੱਖਰੀ ਕਰਨ ਲਈ ਲੜਦਾ ਰਿਹਾ ਅੱਜ ਉਨਾਂ ਬਾਦਲਾਂ ਦੀ ਝੋਲੀ ਵਿੱਚ ਬੈਠ ਕੇ ਹਰਿਆਣਾ ਕਮੇਟੀ ਅਤੇ ਹਰਿਆਣੇ ਦੇ ਸਿੱਖਾਂ ਦਾ ਨਾਂ ਪੂਰਾ ਹੋਣ ਵਾਲਾ ਨੁਕਸਾਨ ਕਰਨ ਦਾ ਜਿੰਮੇਵਾਰ ਹੈ ਜਿਸਦਾ ਹਿਸਾਬ ਕਿਤਾਬ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤਾਂ ਝੀਂਡਾ ਕੋਲੋਂ ਜਰੂਰ ਲੈਣਗੀਆਂ।
