ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੌਰਾਨ ਪੰਜਾਬ ਵਿੱਚ ਬਣਨਗੀਆਂ 835 ਕਰੋੜ ਦੀਆਂ ਸੜਕਾਂ

ਕਪੂਰਥਲਾ, (ਬੀਐਸ ਥਿੰਦ) ; ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆ। ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਸੜਕਾਂ ਬਣਨੀਆਂ ਸਨ। ਟੈਂਡਰ ਵੀ ਲੱਗ ਚੁੱਕੇ ਸਨ ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਇੰਨ੍ਹਾਂ ਸੜਕਾਂ ‘ਤੇ ਰੋਕ ਲੱਗ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਤਹਿਤ ਬਣ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮਾਂ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਕਿ ਇਹ ਕੰਮ ਕਿਸੇ ਵੀ ਸਥਿਤੀ ਵਿੱਚ 30 ਸਤੰਬਰ 2026 ਤੋਂ ਲੇਟ ਨਹੀਂ ਹੋਣੇ ਚਾਹੀਦੇ।
ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀ ਦੱਸਿਆ ਕਿ ਸਮੁੱਚੇ ਦੇਸ਼ ਦੇ 28 ਸੂਬਿਆਂ ਤੇ ਕੇਂਦਰ ਸ਼ਾਸ਼ਿਤ ਰਾਜਾਂ ਵਿੱਚ ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਤਹਿਤ 6215.23 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਪੱਤਰ ਵਿੱਚ ਦੱਸਿਆ ਕਿ ਮੈਦਾਨੀ ਇਲਾਕਿਆਂ ਵਿੱਚ ਸੜਕਾਂ ਤੇ ਪੁਲਾਂ ਦਾ ਨਿਰਮਾਣ ਮਾਰਚ 2028 ਤੋਂ ਤੱਕ ਕੀਤਾ ਜਾਣਾ ਹੈ ਜਦ ਕਿ ਪਹਾੜੀ ਇਲਾਕਿਆਂ ਵਿੱਚ ਸੜਕਾਂ ਦਾ ਨਿਰਮਾਣ ਮਾਰਚ 2028 ਤੋਂ ਪਹਿਲਾਂ-ਪਹਿਲਾਂ ਕੀਤਾ ਜਾਣਾ ਹੈ। ਪਹਾੜੀ ਇਲਾਕਿਆਂ ਵਿੱਚ ਪੁਲਾਂ ਦਾ ਨਿਰਮਾਣ ਮਾਰਚ 2029 ਤੱਕ ਹਰ ਹਾਲ ਵਿੱਚ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਲੰਘੇ ਬੱਜਟ ਸ਼ੈਸ਼ਨ ਦੌਰਾਨ ਉਨ੍ਹਾਂ ਨੇ 12 ਮਾਰਚ ਨੂੰ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਇਆ ਸੀ ਕਿ ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਤਹਿਤ ਪੰਜਾਬ ਦੀਆਂ 64 ਸੜਕਾਂ ਬਣਾਈਆਂ ਜਾਣੀਆਂ ਸਨ ਜਿੰਨ੍ਹਾਂ ਦੀ ਲੰਬਾਈ ਲਗਭੱਗ 628 ਕਿਲੋਮੀਟਰ ਤੋਂ ਵੱਧ ਹੈ। ਇਸੇ ਤਰ੍ਹਾਂ 38 ਪੁਲਾਂ ਦਾ ਨਿਰਮਾਣ ਵੀ ਹੋਣਾ ਸੀ।
ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਵੱਲੋਂ ਰੋਕ ਹਟਾਏ ਜਾਣ ਤੋਂ ਬਾਅਦ ਇੰਨ੍ਹਾਂ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਦਾ ਰਾਹ ਪੱਧਰ ਹੋ ਗਿਆ ਹੈ।ਜਲੰਧਰ ਜਿਲ੍ਹੇ ਦੀਆਂ ਜਿਹੜੀਆਂ ਸੱਤ ਸੜਕਾਂ ਦਾ ਨਿਰਮਾਣ ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਤਹਿਤ ਹੋਣਾ ਹੈ, ਉਨ੍ਹਾਂ ਵਿੱਚ ਸਮਰਾਏ ਤੋਂ ਬੁੰਢਾਲਾ, ਮਹਿਤਪੁਰ ਪਰਜ਼ੀਆਂ ਰੋਡ ਤੋਂ ਸ਼ਾਹਕੋਟ ਵਾਇਆ ਮੰਡਿਆਲਾ ਪੰਡੋਰੀ ਭੁੱਲਰ, ਸ਼ਾਹਕੋਟ ਮਲਸ਼ੀਆਂ ਰੋਡ ਤੋਂ ਪਰਜ਼ੀਆਂ ਕਲਾਂ ਵਾਇਆ ਗੋਬਿੰਦ ਨਗਰ, ਢੰਡੋਵਾਲ, ਕੰਨੀਆ ਖੁਰਦ, ਲੋਹੀਆਂ ਪੂਨੀਆਂ ਰੋਡ ਤੋਂ ਲੋਹੀਆਂ ਮਖੂ ਰੋਡ ਵਾਇਆ ਮਹਿਰਾਜਵਾਲਾ ਮੰਡੀ, ਨਲ, ਮਾਣਕ ਅਤੇ ਰੂਪੇਵਾਲ ਤੋਂ ਤਲਵੰਡੀ ਮਾਧੋ ਵਾਇਆ ਰਾਈਵਾਲ ਦੋਨਾ ਸ਼ਾਮਿਲ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਸੜਕਾਂ ਅਸਲ ਵਿੱਚ ਜੀਵਨ ਰੇਖਾਵਾਂ ਵਾਂਗ ਹੁੰਦੀਆਂ ਹਨ। ਇੰਨਾਂ ਸੜਕਾਂ ਦੇ ਨਿਰਮਾਣ ਨਾਲ ਹੀ ਇਲਾਕੇ ਦੀ ਤਕਦੀਰ ਤੇ ਤਸਵੀਰ ਹੀ ਬਦਲ ਜਾਂਦੀ ਹੈ।ਇਸ ਲਈ ਸੰਪਰਕ ਸੜਕਾਂ ਦਾ ਨਿਰਮਾਣ ਬੇਹੱਦ ਜਰੂਰੀ ਤੇ ਅਹਿਮ ਹੁੰਦਾ ਹੈ।
