ਪੱਤਰਕਾਰ ਭਾਈਚਾਰੇ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਜ਼ਾਹਿਦਾ ਸੁਲੇਮਾਨਕਿਹਾ, ਜੇ ਖ਼ੁਦ ਪੜ੍ਹਿਆ ਵਿਅਕਤੀ ਰਾਸ਼ਟਰਪਤੀ ਬਣ ਸਕਦਾ ਹੈ ਤਾਂ ਪੱਤਰਕਾਰ ਕਿਉਂ ਨਹੀਂ?

0

ਮਾਲੇਰਕੋਟਲਾ, 8 ਮਈ  (ਮੁਨਸ਼ੀ ਫ਼ਾਰੂਕ)  ਜੇ ਖ਼ੁਦ ਪੜ੍ਹ ਕੇ ਇਕ ਵਿਅਕਤੀ ਰਾਸ਼ਟਰਪਤੀ ਬਣ ਸਕਦਾ ਹੈ ਤਾਂ ਖ਼ੁਦ ਪੜ੍ਹ ਕੇ ਇਕ ਵਿਅਕਤੀ ਪੱਤਰਕਾਰ ਕਿਉਂ ਨਹੀਂ ਬਣ ਸਕਦਾ? ਗਿਆਨੀ ਜ਼ੈਲ ਸਿੰਘ ਨੇ ਕਦੇ ਵੀ ਰਸਮੀ ਵਿਦਿਆ ਹਾਸਲ ਨਹੀਂ ਕੀਤੀ ਸੀ ਪਰ ਉਹ ਉਰਦੂ ਅਤੇ ਪੰਜਾਬੀ ਦਾ ਗਿਆਨ ਰੱਖਦੇ ਸਨ ਅਤੇ ਖ਼ੁਦ ਹੀ ਪੜ੍ਹੇ ਅਤੇ ਅਖ਼ੀਰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਬਾਅਦ ਵਿਚ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ  ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਉਦੋਂ ਕੀਤੇ ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਝਾੜੂ ਦੇ ਵਿਧਾਇਕ ਨੇ ਪੱਤਰਕਾਰਾਂ ਦੇ ਇਕ ਪ੍ਰੋਗਰਾਮ ਵਿਚ ਇਕੱਤਰ ਹੋਏ ਸਥਾਨਕ ਪੱਤਰਕਾਰਾਂ ਨੂੰ ਦੂਜੀ, ਚੌਥੀ ਅਤੇ 7ਵੀਂ ਫ਼ੇਲ੍ਹ ਆਖ ਕੇ ਉਨ੍ਹਾਂ ਦੀ ਭਰੀ ਮਹਿਫ਼ਿਲ ਵਿਚ ਮੌਜੂ ਬਣਾਇਆ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਝਾੜੂ ਦਾ ਮੁੱਖ ਮੰਤਰੀ ਵੀ ਸਿਰਫ਼ 12ਵੀਂ ਪਾਸ ਹੈ ਪਰ ਮੁੱਖ ਮੰਤਰੀ ਬਣ ਗਿਆ। ਇਸ ਲਈ ਲਗਾਤਾਰ ਮਿਹਨਤ ਕਰਕੇ ਅਤੇ ਅਪਣੇ ਤਜਰਬੇ ਤੋਂ ਸਿੱਖੇ ਹੋਏ ਪੱਤਰਕਾਰਾਂ ਨੂੰ ਸ਼ਰੇਆਮ ਜ਼ਲੀਲ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਵਿਚ ਕਈ ਅਜਿਹੇ ਸੀਨੀਅਰ ਪੱਤਰਕਾਰ ਹਨ ਜਿਹੜੇ ਉਦੋਂ ਤੋਂ ਪੱਤਰਕਾਰੀ ਕਰਦੇ ਆ ਰਹੇ ਹਨ ਜਦੋਂ ਨੇੜੇ-ਤੇੜੇ ਕਿਤੇ ਜਰਨਲਿਜ਼ਮ ਦਾ ਨਾ ਡਿਪਲੋਮਾ ਹੁੰਦਾ ਸੀ ਅਤੇ ਨਾ ਹੀ ਡਿਗਰੀ ਕਰਵਾਈ ਜਾਂਦੀ ਸੀ। ਅਜਿਹੇ ਤਜਰਬੇਕਾਰ ਪੱਤਰਕਾਰਾਂ ਨੂੰ ਦੂਜੀ, ਚੌਥੀ ਜਾਂ 7ਵੀਂ ਫ਼ੇਲ੍ਹ ਕਹਿ ਕੇ ਮਜ਼ਾਕ ਬਣਾਉਣਾ ਪੱਤਰਕਾਰੀ ਦੇ ਪੇਸ਼ੇ ਨੂੰ ਗੰਭੀਰ ਸੱਟ ਮਾਰਨ ਵਾਲੀ ਗੱਲ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਉਹ ਖ਼ੁਦ 20-25 ਸਾਲ ਪੱਤਰਕਾਰੀ ਨਾਲ ਜੁੜੇ ਰਹੇ ਹਨ ਅਤੇ ਪੱਤਰਕਾਰਾਂ ਤੇ ਪੱਤਰਕਾਰੀ ਦੇ ਵਿਕਾਸ ਲਈ ਸਰਗਰਮ ਰਹੇ ਹਨ, ਇਸ ਲਈ ਅਪਣੇ ਭਾਈਚਾਰੇ ਦੀ ਬੇਇੱਜ਼ਤੀ ਬਾਰੇ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਆਖਿਆ ਕਿ ਜਿਹੜੇ ਪੱਤਰਕਾਰਾਂ ਦੀ ਵਿਦਿਅਕ ਯੋਗਤਾ ਉਤੇ ਸਵਾਲ ਚੁੱਕੇ ਜਾ ਰਹੇ ਹਨ, ਉਨ੍ਹਾਂ ਪੱਤਰਕਾਰਾਂ ਨੇ ਹੀ 2022 ਵਿਚ ਝਾੜੂ ਪਾਰਟੀ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਅੱਜ ਇਹ ਪਾਰਟੀ ਸਾਰਾ ਕੁੱਝ ਭੁਲਾ ਕੇ ਪੰਜਾਬ ਦੇ ਪੱਤਰਕਾਰਾਂ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ। ਪ੍ਰੈੱਸ ਅਤੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਦੇ ਇਸ ਕ੍ਰਿਤ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹਨ ਅਤੇ ਸਥਾਨਕ ਪੱਤਰਕਾਰਾਂ ਦੀ ਕਾਬਲੀਅਤ, ਹਿੰਮਤ ਅਤੇ ਜ਼ੁਰੱਤ ਦੀ ਦਾਦ ਦਿੰਦੇ ਹਨ।

Leave a Reply

Your email address will not be published. Required fields are marked *