ਵਿਦਿਅਕ ਸੰਸਥਾਵਾਂ ਹੀ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕਰਦੀਆਂ ਹਨ: ਵਿਧਾਇਕ ਡਾ. ਜਮੀਲ-ਉਰ-ਰਹਿਮਾਨ

ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ (ਮੁੰਡੇ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆਮਲੇਰਕੋਟਲਾ 8 ਈ (ਮੁਨਸ਼ੀ ਫਾਰੂਕ) :-
ਇੱਕ ਚੰਗੇ ਅਤੇ ਆਦਰਸ਼ ਸਮਾਜ ਦੀ ਸਿਰਜਣਾ ਲਈ ਵਿਦਿਅਕ ਸੰਸਥਾਵਾਂ ਦਾ ਮੁਢਲਾ ਰੋਲ ਹੁੰਦਾ ਹੈ ਅੱਜ ਦੇ ਵਿਦਿਆਰਥੀ ਕੱਲ ਨੂੰ ਇਸ ਸੁਸਾਇਟੀ ਦੀਆਂ ਵੱਖ ਵੱਖ ਜਿੰਮੇਦਾਰੀਆਂ ਸੰਭਾਲਣਗੇ।ਪੰਜਾਬ ਸਰਕਾਰ ਅਤੇ ਸਿੱਖਿਆ ਮਹਿਕਮਾ ਤਾਲੀਮੀ ਅਦਾਰਿਆਂ ਨੂੰ ਪ੍ਰਫੁੱਲਤ ਕਰਨ ਲਈ ਬੜੀ ਗੰਭੀਰਤਾ ਅਤੇ ਸਮਝਦਾਰੀ ਦੇ ਨਾਲ ਯਤਨਸ਼ੀਲ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਪੀਐਮ ਸ੍ਰੀ ਗੋਰਮਿੰਟ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ (ਮੁੰਡੇ) ਮਲੇਰ ਕੋਟਲਾ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਜਮੀਲ -ਉਰ-ਰਹਿਮਾਨ (ਐਮ.ਐਲ.ਏ. ਮਾਲੇਰਕੋਟਲਾ) ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਚੰਗੀ ਕਾਰਗੁਜ਼ਾਰੀ ਲਈ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਉਹਨਾਂ ਆਪਣੇ ਭਾਸ਼ਣ ਵਿੱਚ ਅੱਗੇ ਬੋਲਦਿਆਂ ਕਿਹਾ “ਅੱਜ ਉਹੀ ਦੇਸ਼ ਵਿਕਸਿਤ ਹੋ ਕੇ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰ ਰਹੇ ਹਨ ਜਿਨਾਂ ਕੋਲ ਵਧੀਆ ਅਤੇ ਮਜਬੂਤ ਸਿੱਖਿਆ ਪ੍ਰਬੰਧ ਹੈ ਸੋ ਸਾਡੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਪ੍ਰਾਪਤ ਕਰਨ ਲਈ ਲਗਾਤਾਰ ਸੰਘਰਸ਼ ਕਰਨਾ ਚਾਹੀਦਾ ਹੈ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜੋ ਸਕੀਮਾਂ ਜਾਰੀ ਹਨ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਅੱਜ ਦੇ ਇਸ ਸਫ਼ਲ ਪ੍ਰੋਗਰਾਮ ਲਈ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਸਕੂਲ ਮੁਖੀ ਮੁਬਾਰਕਬਾਦ ਦੇ ਹੱਕਦਾਰ ਹਨ ।ਆਪਾਂ ਸਾਰਿਆਂ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਿਆਰ ਰੰਗਾ ਰੰਗ ਅਤੇ ਮਨੋਰੰਜਨ ਨਾਲ ਭਰਪੂਰ ਕਲਚਰਲ ਪ੍ਰੋਗਰਾਮਦਾ ਆਨੰਦ ਮਾਣਿਆ ਹੈ। ਬੱਚਿਆਂ ਦੀ ਪੇਸ਼ਕਾਰੀ ਤੋਂ ਹੀ ਪਤਾ ਲੱਗਦਾ ਹੈ ਕਿ ਬੜੀ ਮਿਹਨਤ ਅਤੇ ਅਭਿਆਸ ਨਾਲ ਇਨ੍ਹਾਂ ਨੇ ਆਈਟਮਾਂ ਤਿਆਰ ਕੀਤੀਆਂ ਹਨ।”
ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਮੁਹੰਮਦ ਦਿਲਸ਼ਾਦ ਨੇ ਸਵਾਗਤੀ ਭਾਸ਼ਣ ਦਿੰਦਿਆਂ ਕਿਹਾ ” ਅੱਜ ਸਾਡੇ ਸਕੂਲ ਦੇ ਵਿਹੜੇ ਵਿੱਚ ਤਿਉਹਾਰ ਵਰਗਾ ਮਾਹੌਲ ਹੈ ।ਸਾਡੇ ਬੱਚੇ ਮੁਬਾਰਕਬਾਦ ਦੇ ਮੁਸਤਹਿਕ ਹਨ ਜਿਨਾਂ ਨੇ ਸਾਰਾ ਸਾਲ ਮਿਹਨਤ ਕੀਤੀ ਅਤੇ ਆਪਣੀ ਆਪਣੀ ਕਲਾਸਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਕੇ ਅੱਜ ਆਪਣਾ ਬਣਦਾ ਸਨਮਾਨ ਸਾਡੇ ਮਹਿਮਾਨਾਂ ਦੇ ਹੱਥੋਂ ਲੈਣ ਲਈ ਸਕੂਲ ਆਏ ਹਨ। ਇਸ ਖ਼ੂਬਸੂਰਤ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪੇ ਸਰਪ੍ਰਸਤ ਅਤੇ ਸਾਡੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਹਨ ।ਨਿਰਸੰਦੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਸਮੂਹ ਸਟਾਫ ਮੈਂਬਰ ਸਾਡੇ ਐਸਐਮਸੀ ਦੇ ਮੈਂਬਰਜ਼ ਅਤੇ ਜਿੰਨੇ ਵੀ ਸੰਸਥਾ ਦੇ ਹਮਦਰਦ ਅਤੇ ਸਹਿਯੋਗੀ ਹਨ , ਸਾਰਿਆਂ ਨੇ ਭਰਪੂਰ ਯੋਗਦਾਨ ਪਾਇਆ ਹੈ । ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਮੂਹ ਹਾਜ਼ਰੀਨ ਦਾ ਸਵਾਗਤ ਕਰਦਾ ਹਾਂ।” ਇਸ ਤੋਂ ਬਾਅਦ ਸ਼੍ਰੀ ਮੁਹੰਮਦ ਦਿਲਸ਼ਾਦ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਅਕੈਡਮਿਕ ਸਰਗਰਮੀਆਂ ਦੇ ਨਾਲ ਨਾਲ ਵੱਖ-ਵੱਖ ਮੈਦਾਨਾਂ ਵਿੱਚ ਬੱਚਿਆਂ ਵੱਲੋਂ ਜੋ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ ਉਸ ਦਾ ਵੀ ਜ਼ਿਕਰ ਕੀਤਾ ਭਾਵੇਂ ਉਹ ਖੇਡਾਂ ਦਾ ਫੀਲਡ ਹੋਵੇ ਜਾਂ ਸਿੱਖਿਆ ਮਹਿਕਮੇ ਦੇ ਕੈਲੰਡਰ ਅਨੁਸਾਰ ਸਹਿ ਵਿਦਿਅਕ ਸਰਗਰਮੀਆਂ ਵਿੱਚ ਸ਼ਮੂਲੀਅਤ ਹੋਵੇ। ਉਹਨਾਂ ਸੰਸਥਾ ਵਿੱਚ ਜਾਰੀ ਵੱਖ ਵੱਖ ਸਰਗਰਮੀਆਂ ਜਿਵੇਂ ਐਨਐਸਐਸ ਯੂਨਿਟ , ਸਬਜੈਕਟ ਮੇਲੇ, ਕਲਚਰਲ ਐਕਟੀਵਿਟੀਜ਼ ਅਤੇ ਬੈਗਲੈੱਸ – ਡੇ ਸਬੰਧੀ ਸਰਗਰਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਫੰਕਸ਼ਨ ਵਿੱਚ ਸ਼ਾਮਿਲ ਮਹਿਮਾਨਾਂ ਵਿੱਚ ਮੈਡਮ ਫਰਿਆਲ ਰਹਿਮਾਨ, ਮਾਰਕੀਟ ਕਮੇਟੀ ਦੇ ਚੇਅਰਮੈਨ ਜਨਾਬ ਜ਼ਫ਼ਰ ਸਾਹਿਬ, ਜਨਾਬ ਸੱਜਾਦ ਅਲੀ ਗੋਰੀਆ ਅਤੇ ਜਨਾਬ ਮੁਹੰਮਦ ਇਮਰਾਨ(ਬੀਐਨਓ ਸਾਹਿਬਾਨ) ਦਾ ਵੀ ਭਰਵਾਂ ਸਵਾਗਤ ਕੀਤਾ। ਗੈਸਟ ਆਫ਼ ਆਨਰ ਮੈਡਮ ਤਰਵਿੰਦਰ ਕੌਰ (ਮਾਨਯੋਗ ਡੀ ਈ ਓ ਸੈਕੰਡਰੀ ਸਿੱਖਿਆ ਸੰਗਰੂਰ) ਅਤੇ ਮੈਡਮ ਮਨਜੀਤ ਕੌਰ (ਮਾਨਯੋਗ ਡਿਪਟੀ ਡੀਈਓ ਸੈਕੰਡਰੀ ਸਿੱਖਿਆ ਸੰਗਰੂਰ) ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਪੂਰਨ ਸਹਿਯੋਗ ਅਤੇ ਯੋਗ ਅਗਵਾਈ ਕੀਤੀ। ਕਲਚਰਲ ਪ੍ਰੋਗਰਾਮ ਵਿੱਚ ਮੁਹੰਮਦ ਜ਼ੁਬੈਰ ਅੱਬਾਸ ਅਤੇ ਸਾਥੀਆਂ ਨੇ ਤਰਾਨਾ ਏ ਹਿੰਦੀ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ‘ ਪੇਸ਼ ਕੀਤਾ ।ਸੱਤਵੀਂ ਸ਼੍ਰੇਣੀ ਦੇ ਵਿਦਿਆਰਥੀ ਮੁਹੰਮਦ ਆਜਿਬ ਨੇ ਇੰਗਲਿਸ਼ ਵਿੱਚ ਵਿੱਦਿਆ ਦੀ ਮਹੱਤਤਾ ਵਿਸ਼ੇ ਤੇ ਲੈਕਚਰ ਦਿੱਤਾ ਮੁਹੰਮਦ ਤਾਬਿਸ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਇੱਕ ਨਜ਼ਮ ਪੇਸ਼ ਕੀਤੀ ।ਮੁਹੰਮਦ ਅਨਸ ਨੇ ਦਸ ਸਵਾਲਾਂ ਦਾ ਇੱਕ ਦਿਲਚਸਪ ਕੁਈਜ਼ ਕਰਵਾਇਆ। ਅਬਦੁਰ ਰਹਿਮਾਨ ਅਤੇ ਉਸਦੇ ਸਾਥੀਆਂ ਵੱਲੋਂ ਇਕ ਮਾਈਮ( ਖਾਮੋਸ਼ ਨਾਟਕ )ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰੀਨ ਨੇ ਬਹੁਤ ਸਰਾਹਿਆ । ਮੁਹੰਮਦ ਅਸ਼ਰਾਬ ਅਤੇ ਉਸਦੇ ਸਾਥੀਆਂ ਨੇ ਭੰਗੜਾ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਤਕਸੀਮ ਕੀਤੇ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀ ਮੁਹੰਮਦ ਫ਼ਰਹਾਨ ਨੂੰ ਜੇ ਈ ਪ੍ਰਾਈਮ ਟੈਸਟ ਪਾਸ ਕਰਨ ਲਈ ਗੋਲਡ ਮੈਡਲ ਦਿੱਤਾ ਗਿਆ ।ਅਤੇ ਰਿਸ਼ਵ ਕੁਮਾਰ ਨੂੰ ਪਾਵਰ ਲਿਫਟਿੰਗ ਵਿੱਚ ਸਟੇਟ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚੇ ਦੇ ਕੋਚ ਸ੍ਰੀ ਅਮਜਦ ਅਲੀ ਵੀ ਹਾਜ਼ਰ ਰਹੇ। ਸਕੂਲ ਵਿੱਚ ਐਨਐਸ ਕਿਊ ਐਫ ਦੇ ਤਹਿਤ ਐਗਰੀਕਲਚਰ ਅਤੇ ਆਈ ਟੀ ਪੜਨ ਵਾਲੇ ਵਿਦਿਆਰਥੀਆਂ ਨੂੰ ਪ੍ਯੋਗੀ ਕਿਟਾਂ ਤਕਸੀਮ ਕੀਤੀਆਂ ਗਈਆਂ। ਸਕੂਲ ਵੱਲੋਂ ਸਮਾਗਮ ਵਿੱਚ ਸ਼ਾਮਿਲ ਸਮੂਹ ਹਾਜ਼ਰੀਨ ਲਈ ਰਿਫਰੈਸ਼ਮੈਂਟ ਦਾ ਵਧੀਆ ਪ੍ਰਬੰਧ ਰਿਹਾ। ਵਰਨਣਯੋਗ ਹੈ ਕਿ ਇਸ ਮੌਕੇ ਮੁੱਖ ਮਹਿਮਾਨ ਡਾਕਟਰ ਜਮੀਲ ਉਰ ਰਹਿਮਾਨ ਜੀ ਦੇ ਹੱਥੋਂ ਆਧੁਨਿਕ ਉਪਕਰਨਾਂ ਨਾਲ ਲੈਸ ਕੈਮਿਸਟਰੀ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ।
