ਭੱਜ-ਦੌੜ ਅਤੇ ਮਾਨਸਿਕ ਤਣਾਅ ਭਰੀ ਜ਼ਿੰਦਗੀ ਵਿੱਚ ਵਰਦਾਨ ਸਾਬਤ ਹੋ ਸਕਦਾ ਹੈ ਯੋਗ: ਡਾ. ਜਗਦੀਪ ਸਿੰਘ

0

ਪੰਜਾਬੀ ਯੂਨੀਵਰਸਿਟੀ ਵਿਖੇ ਕੌਮਾਂਤਰੀ ਯੋਗ ਦਿਵਸ ਦੇ 100 ਦਿਨਾ ਕਾਊਂਟਡਾਊਨ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ*

ਪਟਿਆਲਾ, (ਰਾਜਿੰਦਰ ਸਿੰਘ ਥਿੰਦ)

ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਭਾਰਤ ਸਰਕਾਰ ਦੇ ‘ਆਯੁਸ਼ ਮੰਤਰਾਲੇ’ ਦੇ ਸਹਿਯੋਗ ਨਾਲ਼ ਅੱਜ ਯੂਨੀਵਰਸਿਟੀ ਦੇ ਫੁਟਬਾਲ ਗਰਾਊਂਡ ਵਿਖੇ ਇੱਕ ਵਿਸ਼ੇਸ਼ ਯੋਗ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ‘ਕੌਮਾਂਤਰੀ ਯੋਗਾ ਦਿਵਸ 2026’ ਦੇ ਸਬੰਧ ਵਿੱਚ ਸ਼ੁਰੂ ਕੀਤੇ ਗਏ 100 ਦਿਨਾ ਕਾਊਂਟਡਾਊਨ ਦੇ ਜਸ਼ਨ ਵਜੋਂ ਕਰਵਾਇਆ ਗਿਆ। ਸਵੇਰੇ ਸ਼ੁਰੂ ਹੋਏ ਇਸ ਸਮਾਗਮ ਦੀ ਲਗਾਤਾਰਤਾ ਵਿੱਚ ਦਿਨ ਸਮੇਂ ਯੋਗ ਬਾਰੇ ਇੱਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਗਿਆ।

ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਸਵੇਰੇ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਅਜੋਕੇ ਦੌਰ ਦੀ ਭੱਜ-ਦੌੜ ਅਤੇ ਮਾਨਸਿਕ ਤਣਾਅ ਭਰੀ ਜ਼ਿੰਦਗੀ ਵਿੱਚ ਯੋਗ ਇੱਕ ਵਰਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲਈਏ, ਤਾਂ ਅਸੀਂ ਨਾ ਸਿਰਫ਼ ਸਰੀਰਕ ਬਿਮਾਰੀਆਂ ਤੋਂ ਬਚ ਸਕਦੇ ਹਾਂ, ਸਗੋਂ ਆਪਣੀ ਕਾਰਜਕੁਸ਼ਲਤਾ ਅਤੇ ਇਕਾਗਰਤਾ ਵਿੱਚ ਵੀ ਵਾਧਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਆਯੁਸ਼ ਮੰਤਰਾਲੇ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ 100 ਦਿਨਾ ਕਾਊਂਟਡਾਊਨ ਪ੍ਰੋਗਰਾਮ ਸਮਾਜ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ।

ਇਸ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪਹਿਲਕਦਮੀ ‘ਸੀ. ਐੱਮ. ਦੀ ਯੋਗਸ਼ਾਲਾ’ ਦੇ ਸਟੇਟ ਕੰਸਲਟੈਂਟ ਸ਼੍ਰੀ ਅਮਰੇਸ਼ ਕੁਮਾਰ ਝਾਅ ਅਤੇ ਸ਼੍ਰੀ ਕਮਲੇਸ਼ ਕੁਮਾਰ ਮਿਸ਼ਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਪ੍ਰੋਗਰਾਮ ਦੀ ਲਗਾਤਾਰਤਾ ਵਿੱਚ ਹੋਏ ਸੈਮੀਨਾਰ ਦੌਰਾਨ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਸੰਜੀਵ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਓਲੰਪੀਅਨ ਅਰੋਕਿਆ ਰਾਜੀਵ, ਸਵਾਮੀ ਦਿਨੇਸ਼ ਵਰਧਨ ਅਤੇ ਕਾਮਨਵੈਲਥ ਤਗ਼ਮਾ ਜੇਤੂ ਸ਼੍ਰੀ ਗੁਰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਯੋਗ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹੈ, ਸਗੋਂ ਇਹ ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। 

ਡਾ. ਨਿਸ਼ਾਨ ਸਿੰਘ ਦਿਉਲ ਨੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਨੂੰ ਨਿਰੋਗ ਅਤੇ ਖੁਸ਼ਹਾਲ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। 

ਆਯੁਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੇਰ ਸਮੇਂ ਕਰਵਾਏ ਗਏ ਅਭਿਆਸ ਦੌਰਾਨ ਅਚਾਰੀਆ ਪਰਵਿੰਦਰ ਨੇ ਮੰਤਰਾਲੇ ਦੇ ਪ੍ਰੋਟੋਕੋਲ ਅਨੁਸਾਰ ਯੋਗ ਕਰਵਾਇਆ ਅਤੇ ਯੂਨੀਵਰਸਿਟੀ ਤੋਂ ਯੋਗ ਕੋਚ ਅਚਾਰੀਆ ਜਗਜੀਵਨ ਸਿੰਘ ਦੀ ਅਗਵਾਈ ਵਿੱਚ ਤਿਆਰ ਟੀਮ ਨੇ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਅਧਾਰਿਤ ਯੋਗ ਡੈਮੋ ਦੀ ਪੇਸ਼ਕਾਰੀ ਦਿੱਤੀ ।

Leave a Reply

Your email address will not be published. Required fields are marked *