AAP ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫ਼ਤਾਰ, 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

0
HARMEET PATHANMAJRA COURT

ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਸ਼ਿਵਪੁਰੀ ਤੋਂ 3 ਸਾਥੀਆਂ ਸਣੇ ਕੀਤਾ ਕਾਬੂ

ਪਟਿਆਲਾ, 25 ਮਾਰਚ (ਰਾਜਿੰਦਰ ਸਿੰਘ ਥਿੰਦ/ਗੁਰਪ੍ਰਤਾਪ ਸਿੰਘ ਸਾਹੀ) : ਪਿਛਲੇ ਕਾਫੀ ਸਮੇਂ ਤੋਂ ਇੱਕ ਮਾਮਲੇ ਵਿੱਚ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪਠਾਣਮਾਜਰਾ ਨੂੰ ਅੱਜ ਪਟਿਆਲਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ ਪਠਾਣਮਾਜਰਾ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਮੁਤਾਬਕ ਪਠਾਣਮਾਜਰਾ ਤੇ ਉਸਦੇ 3 ਸਾਥੀਆਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਤ ਨੇੜੇ ਸ਼ਿਵਪੁਰੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਉਨ੍ਹਾਂ ਖ਼ਿਲਾਫ਼ ਐਲ.ਓ.ਸੀ.ਜਾਰੀ ਕੀਤਾ ਗਿਆ ਸੀ। ਕਾਫੀ ਸਮੇਂ ਤੋਂ ਉਹ ਸੋਸ਼ਲ ਮੀਡੀਆ ‘ਤੇ ਵਿਦੇਸ਼ ਵਿੱਚ ਹੋਣ ਦੀਆਂ ਪੋਸਟਾਂ ਕਰਕੇ ਪੁਲਿਸ ਨੂੰ ਗੁਮਰਾਹ ਕਰ ਰਹੇ ਸਨ।ਇਹ ਕਾਰਵਾਈ ਇੱਕ ਔਰਤ ਵੱਲੋਂ ਦਰਜ ਕਰਵਾਏ ਗਏ ਜਿਨਸੀ ਸ਼ੋਸ਼ਣ ਦੇ ਕੇਸ ਦੇ ਸਿਲਸਿਲੇ ਵਿੱਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਰੁਧ 1 ਸਤੰਬਰ 2025 ਨੂੰ ਜ਼ਬਰ-ਜ਼ਿਨਾਹ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਇਲਜ਼ਾਮਾਂ ਹੇਠ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 376, 420 ਅਤੇ 506 ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਪਠਾਣਮਾਜਰਾ ਸਤੰਬਰ 2025 ਤੋਂ ਰੇਪ ਮਾਮਲੇ ਵਿਚ ਫ਼ਰਾਰ ਚੱਲ ਰਿਹਾ ਸੀ। ਉਸ ਸਮੇਂ ਤੋਂ ਹੀ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਇੱਕ ਔਰਤ ਜੋ ਸਾਲ 2013-14 ਵਿੱਚ ਪਠਾਣਮਾਜਰਾ ਦੇ ਸੰਪਰਕ ਵਿੱਚ ਆਈ ਸੀ, ਉਸ ਨੇ ਪਠਾਣਮਾਜਰਾ ‘ਤੇ ਗੁਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਦੇ ਸਬੰਧ ਵਿਚ ਉਸ ਨੇ ਕਾਰਵਾਈ ਦੀ ਮੰਗ ਕੀਤੀ ਸੀ। ਪਠਾਣਮਾਜਰਾ ਦੀ ਗ੍ਰਿਫਤਾਰੀ ਲਈ ਪਟਿਆਲਾ ਪੁਲਿਸ ਨੇ 6 ਤੋਂ 7 ਟੀਮਾਂ ਤਿਆਰ ਕਰਕੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਕਈ ਵਾਰ ਉਨ੍ਹਾਂ ਦੀ ਲੋਕੇਸ਼ਨ ਸਾਹਮਣੇ ਆਈ ਪਰ ਹਰ ਵਾਰ ਉਹ ਪੁਲਿਸ ਦੇ ਹੱਥੋਂ ਨਿਕਲਣ ਵਿੱਚ ਕਾਮਯਾਬ ਰਿਹਾ। ਇਸ ਦੌਰਾਨ ਉਹ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਰਾਹੀਂ ਆਪਣਾ ਪੱਖ ਰੱਖਦਾ ਰਿਹਾ। ਮਾਮਲੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੀ ਦੂਜੀ ਪਤਨੀ ਵੱਲੋਂ ਗੰਭੀਰ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਦੇ ਆਧਾਰ ‘ਤੇ ਇਹ ਕੇਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਟਿਆਲਾ ਵਿੱਚ ਉਨ੍ਹਾਂ ਦੀ ਸਰਕਾਰੀ ਕੋਠੀ ਵੀ ਖਾਲੀ ਕਰਵਾ ਲਈ ਗਈ ਸੀ, ਜਿਸ ‘ਤੇ ਪਰਿਵਾਰ ਵੱਲੋਂ ਧੱਕੇਸ਼ਾਹੀ ਦੇ ਦੋਸ਼ ਵੀ ਲਗਾਏ ਗਏ ਸਨ। ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਸ ‘ਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਗ੍ਰਿਫ਼ਤਾਰੀ ਪਿੱਛੇ ਹੋਟਲ ਦਾ ਵਾਈ-ਫਾਈ ਕੁਨੈਕਸ਼ਨ ਅਹਿਮ ਸੁਰਾਗ ਬਣਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਗਵਾਲੀਅਰ ਦੇ ਹੋਟਲ ਦੇ ਵਾਈ-ਫਾਈ ਤੋਂ ਇਕ ਯੂ. ਕੇ. ਨੰਬਰ ਐਕਟਿਵ ਹੋਣ ਦਾ ਪਤਾ ਲੱਗਿਆ, ਜਿਸ ਦੀ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਇਹ ਨੰਬਰ ਖ਼ੁਦ ਪਠਾਣਮਾਜਰਾ ਇਸਤੇਮਾਲ ਕਰ ਰਿਹਾ ਸੀ। ਇਸ ਇਕ ਗਲਤੀ ਨੇ ਪੁਲਿਸ ਨੂੰ ਪਠਾਣਮਾਜਰਾ ਤੱਕ ਪਹੁੰਚਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀਆਂ ਕਰੀਬ 5-6 ਟੀਮਾਂ ਇਸ ਹਾਈ ਪ੍ਰੋਫਾਈਲ ਮਾਮਲੇ ‘ਚ ਸੁਰਾਗ ਜੁਟਾਉਣ ‘ਚ ਲੱਗੀਆਂ ਹੋਈਆਂ ਸਨ। ਆਖ਼ਰ ਕਾਰਨ 2 ਦਿਨ ਦੇ ਆਪਰੇਸ਼ਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਪਠਾਣਮਾਜਰਾ ਨੂੰ ਉਸ ਦੇ 3 ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਪਹਿਲਾਂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰੀ ਮਗਰੋਂ ਫ਼ਰਾਰ ਹੋ ਕੇ ਵਿਦੇਸ਼ ਭੱਜ ਗਿਆ ਸੀ ਅਤੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਸਰਕਾਰ ਖ਼ਿਲਾਫ਼ ਬਿਆਨ ਦਿੰਦਾ ਰਹਿੰਦਾ ਸੀ। ਬਾਅਦ ‘ਚ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।

Leave a Reply

Your email address will not be published. Required fields are marked *