ਮੌਰੀਸ਼ਸ ‘ਚ ਰਾਏਕੋਟ ਦੇ 29 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

0

ਡੇਢ ਮਹੀਨਾ ਪਹਿਲਾਂ ਹੀ ਰੋਜ਼ਗਾਰ ਤੇ ਉਜਵਲ ਭਵਿੱਖ ਲਈ ਵਿਦੇਸ਼ ਗਿਆ ਸੀ ਮ੍ਰਿਤਕ

ਰਾਏਕੋਟ, 8 ਮਈ (ਨਿਊਜ਼ ਟਾਊਨ ਨੈਟਵਰਕ) : ਰਾਏਕੋਟ ਦੇ ਪਿੰਡ ਬੱਸੀਆਂ ਦੇ ਇੱਕ 29 ਸਾਲਾ ਨੌਜਵਾਨ ਦੀ ਮੌਰੀਸ਼ਸ ਵਿਖੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਮੌਰੀਸ਼ਸ ਦੇ ਅਧਿਕਾਰੀਆਂ ਤੇ ਉਸ ਦੇ ਸਾਥੀਆਂ ਨੇ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ। ਜਾਣਕਾਰੀ ਦਿੰਦਿਆਂ ਮ੍ਰਿਤਕ ਰੋਹਿਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਪਿੰਡ ਬੱਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਛੋਟਾ ਬੇਟਾ ਰੋਹਿਤ ਸਿੰਘ (29 ਸਾਲ) ਉਜਵਲ ਭਵਿੱਖ ਤੇ ਰੋਜ਼ਗਾਰ ਦੀ ਭਾਲ ਲਈ ਡੇਢ ਮਹੀਨਾ ਪਹਿਲਾਂ 1 ਮਾਰਚ ਨੂੰ ਮੌਰੀਸ਼ਸ ਗਿਆ ਸੀ, ਜਿੱਥੇ ਉਸ ਨੂੰ ਵਧੀਆ ਕੰਮ ਮਿਲ ਗਿਆ ਸੀ। ਜਿਸ ਸਬੰਧੀ ਉਸ ਨੇ 17 ਅਪ੍ਰੈਲ ਨੂੰ ਫੋਨ ਕਰਕੇ ਉਸ ਨੂੰ ਦੱਸਿਆ ਸੀ ਕਿ ਉਸ ਨੂੰ ਵਧੀਆ ਕੰਮ ਮਿਲ ਗਿਆ ਹੈ ਪਰ 18 ਅਪ੍ਰੈਲ ਨੂੰ ਸਵੇਰੇ ਮੌਰੀਸ਼ਸ ਤੋਂ ਉਸਦੇ ਨਾਲ ਕੰਮ ਕਰਦੇ ਸਾਥੀ ਅਤੇ ਅਧਿਕਾਰੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਬੇਟੇ ਰੋਹਿਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰੋਹਿਤ ਦੀ ਮੌਤ ਦੇ 19 ਦਿਨ੍ਹਾਂ ਬਾਅਦ ਉਨ੍ਹਾਂ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਕੁਝ ਜਾਣਕਾਰਾ ਤੋਂ ਇਕੱਠੇ ਕਰਕੇ ਦੋ ਲੱਖ ਰੁਪਏ ਉੱਥੇ ਭੇਜਣ ਤੋਂ ਬਾਅਦ ਕੱਲ੍ਹ 7 ਮਈ ਨੂੰ ਉਸ ਦੀ ਮ੍ਰਿਤਕ ਦੇਹ ਪਿੰਡ ਬੱਸੀਆਂ ਵਿਖੇ ਆਈ ਅਤੇ ਉਸ ਦਾ ਅੰਤਿਮ ਸਸਕਰ ਕੀਤਾ ਗਿਆ ਪਰ ਉਸ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਵਿੱਚ ਕਿਸੇ ਵੀ ਸਰਕਾਰ ਜਾ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ, ਜਦਕਿ ਉਸ ਦਾ ਬੇਟਾ 2 ਲੱਖ ਰੁਪਏ ਖਰਚ ਕੇ ਵਿਦੇਸ਼ ਗਿਆ। 29 ਸਾਲਾ ਰੋਹਿਤ ਸਿੰਘ ਦੀ ਮੌਤ ਬਾਅਦ ਪਰਿਵਾਰ ਉੱਪਰ ਕਹਿਰ ਟੁੱਟ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਰਾਜ ਕੁਮਾਰ ਰਾਵਲ ਅਤੇ ਹੋਰ ਪਿੰਡ ਵਾਸੀਆਂ ਨੇ ਸਰਕਾਰ ਤੋਂ ਪੀੜਤ ਗਰੀਬ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *