ਭਾਜਪਾ ਵਫ਼ਦ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ

ਮੋਰਿੰਡਾ, 21 ਮਈ (ਮਜ਼ੀਦ ਖਾਨ)-ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਸ਼ੇਸ਼ ਵਫ਼ਦ ਵੱਲੋਂ ਮੇਜਰ ਅੰਜੂ ਬਾਲਾ ਸਿੰਘ (ਜ਼ਿਲ੍ਹਾ ਐਸ.ਸੀ. ਮੋਰਚਾ ਪ੍ਰਧਾਨ ਅਤੇ ਸੂਬਾ ਐਸ.ਸੀ. ਮੋਰਚਾ ਕਾਰਜਕਾਰੀ ਮੈਂਬਰ) ਦੀ ਅਗਵਾਈ ਹੇਠ ਮਾਣਯੋਗ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਸਤਨਾਮ ਸਿੰਘ ਸੰਧੂ ਨਾਲ ਇੱਕ ਅਹਿਮ ਮੁਲਾਕਾਤ ਕੀਤੀ ਗਈ। ਇਸ ਬੈਠਕ ਦੌਰਾਨ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਸੰਗਠਨਾਤਮਕ ਢਾਂਚੇ ਵਿੱਚ ਨਵੀਂ ਰੂਹ ਫੂਕਣ ਦੀ ਰਣਨੀਤੀ ‘ਤੇ ਵਿਸਥਾਰਪੂਰਵਕ ਚਰਚਾ ਹੋਈ। ਇਸ ਦੇ ਨਾਲ ਹੀ ਆਉਣ ਵਾਲੀਆਂ ਨਗਰ ਕੌਂਸਲ (ਐਮ.ਸੀ.) ਚੋਣਾਂ ਅਤੇ ਚੋਣ ਪ੍ਰਚਾਰ ਦੇ ਵੱਖ-ਵੱਖ ਪੱਖਾਂ ਬਾਰੇ ਵੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਲਕੇ ਦੀ ਸਿਆਸੀ ਸਥਿਤੀ ਬਾਰੇ ਚਰਚਾ ਕਰਦਿਆਂ ਸਰਦਾਰ ਸਤਨਾਮ ਸਿੰਘ ਸੰਧੂ ਨੇ ਹਲਕੇ ਦੀ ਜਨਸੰਰਚਨਾ ਅਤੇ ਸਥਾਨਕ ਰਾਜਨੀਤਿਕ ਪਹਿਲੂਆਂ ਨੂੰ ਮੁੱਖ ਰੱਖਦਿਆਂ ਵਫ਼ਦ ਨਾਲ ਕਈ ਕੀਮਤੀ ਸੁਝਾਅ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਸੁਝਾਅ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਲਈ ਇੱਕ ਮਾਰਗਦਰਸ਼ਕ ਸਾਬਤ ਹੋਣਗੇ। ਇਸ ਅਹਿਮ ਮੁਲਾਕਾਤ ਦੌਰਾਨ ਵਫ਼ਦ ਵਿੱਚ ਮੇਜਰ ਅੰਜੂ ਬਾਲਾ ਸਿੰਘ ਤੋਂ ਇਲਾਵਾ ਵਿਨੋਦ ਰਾਣਾ (ਮੰਡਲ ਪ੍ਰਧਾਨ ਘੜੂਆਂ), ਹਰਨੇਕ ਸਿੰਘ ਕਲਾਰਾਂ (ਵਾਈਸ ਪ੍ਰਧਾਨ ਜ਼ਿਲ੍ਹਾ ਰੋਪੜ), ਹਰਜੀਤ ਸਿੰਘ, ਜਸਕਰਨ ਸਿੰਘ, ਕਰਮਜੀਤ ਸਿੰਘ ਭੰਗੂ, ਕੁਲਦੀਪ ਸਿੰਘ ਅਤੇ ਅਮਰ ਸਿੰਘ ਸਮੇਤ ਕਈ ਹੋਰ ਸਥਾਨਕ ਆਗੂ ਅਤੇ ਪਾਰਟੀ ਵਰਕਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
